ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਲਾਂਘਾ ਖੋਲ੍ਹਣ ਮਗਰੋਂ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਰੇਲਵੇ ਟਰੈਕ ਦਾ ਬਿਜਲੀਕਰਨ ਕੀਤਾ ਗਿਆ ਸੀ ਤੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਸਿਆਲਕੋਟ ਨੂੰ ਜਾਣ ਵਾਲੀ ਰੇਲਵੇ ਲਾਈਨ ਜੋ ਭਾਰਤ ਪਾਕ ਵੰਡ ਦੌਰਾਨ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਦੋ ਟੁਕੜਿਆਂ ’ਚ ਵੰਡੀ ਗਈ ਸੀ, ਦੇ ਮੁੜ ਚਾਲੂ ਹੋਣ ਦੀ ਆਸ ਬੱਝੀ ਸੀ ਪਰੰਤੂ ਪਾਕਿਸਤਾਨੀ ਅੱਤਵਾਦੀ ਵੱਲੋਂ ਕੀਤੇ ਪਹਿਲਗਾਮ ਹਮਲੇ ਨੇ ਇਹ ਸੁਪਨੇ ਚਕਨਾਚੂਰ ਕਰ ਕੇ ਰੱਖ ਦਿੱਤੇ।
ਇਹ ਸ਼ਬਦਾਂ ਦਾ ਪ੍ਰਗਟਾਵਾ ਭਾਰਤ ਪਾਕ ਵੰਡ ਦੌਰਾਨ ਕਈ ਵਾਰ ਪਾਕਿਸਤਾਨ ਦੇ ਇਸ ਸਟੇਸ਼ਨ ਜੱਸਰ ਤੋਂ ਅੰਮ੍ਰਿਤਸਰ ਤੱਕ ਸਫਰ ਕਰਨ ਵਾਲੇ ਬਾਪੂ ਧਰਮਪਾਲ ਮਹਾਜਨ ਵੱਲੋਂ ਕੀਤਾ ਗਿਆ।1947 ਵਿੱਚ ਆਜ਼ਾਦੀ ਤਾਂ ਮਿਲੀ ਪਰ ਨਾਲ ਹੀ ਬਟਵਾਰੇ ਦੀ ਲੀਕ ਵੀ ਖਿੱਚੀ ਗਈ। ਇਸੇ ਬਟਵਾਰੇ ਨੇ ਅੰਗਰੇਜ਼ਾਂ ਵੱਲੋਂ ਬਣਾਈ ਗਈ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ, ਨਾਰੋਵਾਲ ਸਿਆਲਕੋਟ ਤੱਕ ਚੱਲਣ ਵਾਲੀ ਰੇਲਵੇ ਲਾਈਨ ਟਰੈਕ ਦੇ ਵੀ ਦੋ ਟੁਕੜੇ ਕਰ ਦਿੱਤੇ।
ਬਟਵਾਰੇ ਤੋਂ ਪਹਿਲਾ ਅੰਗਰੇਜ਼ਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ 1862 ਵਿੱਚ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਨਿਰਮਾਣ ਕੀਤਾ ਗਿਆ ਸੀ ਤੇ 1880 ਦੇ ਕਰੀਬ ਅੰਮ੍ਰਿਤਸਰ ਡੇਰਾ ਬਾਬਾ ਨਾਨਕ, ਨਾਰੋਵਾਲ, ਸਿਆਲਕੋਟ ਕਰੀਬ 220 ਕਿਲੋਮੀਟਰ (140 ਮੀਲ) ਲੰਬਾ ਰੇਲਵੇ ਟਰੈਕ ਦਾ ਨਿਰਮਾਣ ਕੀਤਾ ਗਿਆ ਸੀ ਜਿਸ ’ਚ ਇਕ ਕਿਲੋਮੀਟਰ ਰਾਵੀ ਦਰਿਆ ਦਾ ਪੁਲ ਵੀ ਸ਼ਾਮਲ ਹੈ ਤੇ ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਸਿਆਲਕੋਟ ਤੋਂ ਲੋਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਦੇ ਨਾਲ ਨਾਲ ਅੰਮ੍ਰਿਤਸਰ ’ਚ ਵਪਾਰ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੀ ਖਰੀਦੋ ਫਰੋਖਤ ਕਰਨ ਲਈ ਆਉਂਦੇ ਸਨ।
ਭਾਰਤ ਪਾਕਿਸਤਾਨ ਬਟਵਾਰੇ ਦਾ ਦਰਦ ਆਪਣੀਆਂ ਅੱਖਾਂ ਨਾਲ ਵੇਖਣ ਵਾਲੇ ਧਰਮਪਾਲ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਪਾਕਿਸਤਾਨ ਵਿਚ ਪਿੰਡ ਜੱਸਰ ਤਹਿਸੀਲ ਨਾਰੋਵਾਲ ਜ਼ਿਲ੍ਹਾ ਸਿਆਲਕੋਟ ’ਚ ਪਿਤਾ ਲਾਲਾ ਸਾਂਝੀ ਰਾਮ ਮਹਾਜਨ ਤੇ ਮਾਤਾ ਅਤਰ ਦੇਵੀ ਦੀ ਕੁੱਖੋਂ ਹੋਇਆ ਸੀ। ਭਾਰਤ ਪਾਕ ਬਟਵਾਰੇ ਦੌਰਾਨ ਉਨ੍ਹਾਂ ਦੀ ਉਮਰ 8 ਤੋਂ 9 ਸਾਲ ਸੀ ਅਤੇ ਪੂਰੀ ਹੋਸ਼ ਸੀ।
ਧਰਮਪਾਲ ਮਹਾਜਨ ਨੇ ਦੱਸਿਆ ਕਿ ਉਸ ਦੇ ਪਿਤਾ ਲਾੜਾ ਸਾਂਝੀ ਰਾਮ ਮਹਾਜਨ ਦੀ ਹਲਵਾਈ ਦੀ ਦੁਕਾਨ ਅੰਮ੍ਰਿਤਸਰ ਦੇ ਹਾਥੀ ਗੇਟ ਵਿੱਚ ਸੀ ਜੋ ਅਜੇ ਵੀ ਪ੍ਰਸਿੱਧ ਹੈ। ਉਸ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਬਣਨ ਤੋਂ ਪਹਿਲਾਂ ਮੈਂ ਆਪਣੇ ਪਿਤਾ ਅਤੇ ਪਰਿਵਾਰਿਕ ਜੀਆਂ ਨਾਲ ਆਪਣੇ ਪਿੰਡ ਜੱਸਰ ਦੇ ਸਟੇਸ਼ਨ ਤੋਂ ਰੇਲ ਗੱਡੀ ਫੜ ਕੇ ਕਈ ਵਾਰ ਅੰਮ੍ਰਿਤਸਰ ਆਇਆ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕਰਨ ਗਏ ਸਾਂ। ਬਾਪੂ ਧਰਮ ਪਾਲ ਨੇ ਦੱਸਿਆ ਕਿ ਉਸ ਨੇ ਬਚਪਨ ਵਿੱਚ ਵੇਖਿਆ ਹੈ ਕਿ ਉਸ ਦੇ ਪਿੰਡ ਦੇ ਸਟੇਸ਼ਨ ਜੱਸਰ ਤੋਂ ਸਾਰਾ ਦਿਨ ਰੇਲ ਗੱਡੀ ਛੁਕ ਛੁਕ ਕਰਦੀ ਜਾਂਦੀ ਸੀ।
ਜੱਸਰ ਤੋਂ ਡੇਰਾ ਬਾਬਾ ਨਾਨਕ ਆਉਂਦਿਆਂ ਹੀ ਰਾਵੀ ਦਰਿਆ ਦੇ ਪੁਲ ਤੋਂ ਰੇਲਵੇ ਲਾਈਨ ਲੰਘਦੀ ਸੀ, ਉਸ ਤੋਂ ਉੱਪਰ ਬੱਸਾਂ ਚੱਲਦੀਆਂ ਸਨ ਅਤੇ ਤੀਸਰੀ ਮੰਜ਼ਿਲ ਤੇ ਲੋਕ ਪੈਦਲ ਚਲਦੇ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਜੱਸਰ ਸਟੇਸ਼ਨ ’ਤੇ ਮੁਸਲਮਾਨਾਂ ਵੱਲੋਂ ਗੱਡੀਆਂ ’ਚ ਸਵਾਰ ਹਿੰਦੂ ਸਿੱਖਾਂ ਦੇ ਕਤਲੇਆਮ ਕੀਤੇ ਗਏ ਸਨ।
ਜੱਸਰ ਦੇ ਰੇਲਵੇ ਸਟੇਸ਼ਨ ’ਤੇ ਜਿੱਥੇ ਚਹਿਲ ਪਹਿਲ ਹੁੰਦੀ ਸੀ ਉੱਥੇ ਇਹ ਸਟੇਸ਼ਨ ਅੱਜ ਖੰਡਰ ਹੋ ਚੁੱਕਾ ਹੈ ਅਤੇ ਸਟੇਸ਼ਨ ਦੇ ਬਾਹਰ ਵਾਰ ਰੇਲਵੇ ਦਾ ਡੱਬਾ ਵੀ ਪਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਸਟੇਸ਼ਨ ਤੋਂ ਅੰਮ੍ਰਿਤਸਰ ਤੱਕ ਅਜੇ ਵੀ ਰੇਲ ਵੱਖ-ਵੱਖ ਸਮੇਂ ਤੇ ਚੱਲਦੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਪਾਕਿਸਤਾਨ ਦੇ ਬਟਵਾਰੇ ਦੀ ਲੱਗੀ ਨਜ਼ਰ ਤੋਂ ਬਾਅਦ ਮੁੜ ਗੁਰੂ ਦੀ ਧਰਤੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰੂ ਦੀ ਧਰਤੀ ਡੇਰਾ ਬਾਬਾ ਨਾਨਕ ਤੇ ਸ੍ਰੀ ਕਰਤਾਰਪੁਰ ਸਾਹਿਬ ਸਿਆਲਕੋਟ ਤੱਕ ਰੇਲਵੇ ਲਾਈਨ ਸ਼ੁਰੂ ਨਹੀਂ ਹੋ ਸਕੀ।



