ਪੰਜਾਬ ਅੰਦਰ ਆਏ ਹੜ੍ਹਾਂ ਮੌਕੇ ਸੇਵਾ ਕਰਨ ਵਾਲਿਆਂ ਨੇ ਸੇਵਾ ਦੀਆਂ ਕਈ ਮਿਸਾਲਾਂ ਕਾਇਮ ਕੀਤੀਆਂ ਹਨ। ਇਸ ਸਮੇਂ ਚੱਲ ਰਹੀਆਂ ਸੇਵਾਵਾਂ ਵਿਚ ਪੰਜਾਬ ਤੋਂ ਦੂਰ ਦੁਰਾਡੇ ਵਸਦੇ ਪੰਜਾਬੀ ਵੀ ਸੇਵਾ ਵਿਚ ਆਪਣਾ ਯੋਗਦਾਨ ਪਾਉਣ ਲਈ ਪਹੁੰਚ ਰਹੇ ਹਨ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਸੁਲਤਾਨਪੁਰ ਲੋਧੀ ਤਹਿਸੀਲ ਵਿਚ ਪੈਂਦੇ ਪਿੰਡ ਬਾਊਪੁਰ ਜਦੀਦ ’ਚ ਬਿਆਸ ਦਾ ਟੁੱਟਾ ਬੰਨ੍ਹ ਬੰਨ੍ਹਣ ਦੀ ਸੇਵਾ ਚੱਲ ਰਹੀ ਹੈ।
ਇਸ ਇਲਾਕੇ ਦੇ 16 ਪਿੰਡ ਸਭ ਤੋਂ ਪਹਿਲਾਂ ਹੜ੍ਹਾਂ ਦੀ ਮਾਰ ਹੇਠ ਆਏ ਸਨ। ਇਕ ਮਹੀਨੇ ਤੋਂ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਅਗਵਾਈ ਵਿਚ ਬੰਨ੍ਹ ਦਾ ਪਾੜ ਪੂਰਨ ਦੀ ਸੇਵਾ ਚੱਲ ਰਹੀ ਹੈ। ਚਲਦੀ ਸੇਵਾ ਵਿਚ ਯੋਗਦਾਨ ਪਾਉਣ ਲਈ ਅੱਜ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਗਵਾਲੀਅਰ ’ਚ ਪੈਂਦੇ ਪਿੰਡ ਡਬਰਾ ਤੋਂ ਸੰਗਤ ਪਹੁੰਚੀ। ਜਿਨ੍ਹਾਂ ਵਿਚ ਡਾ. ਗੁਲਜਾਰ ਸਿੰਘ ਪ੍ਰਧਾਨ, ਗੁਰਮੀਤ ਸਿੰਘ ਬਾਠ, ਮਨੋਹਰ ਸਿੰਘ, ਜੈਮਲ ਸਿੰਘ, ਕੁਲਦੀਪ ਸਿੰਘ ਸੰਧੂ, ਸਤਨਾਮ ਸਿੰਘ ਜੌਹਲ ਅਤੇ ਹੋਰ ਕਈ ਸੱਜਣ ਸ਼ਾਮਿਲ ਸਨ। ਇਸ ਸੰਗਤ ਵੱਲੋਂ ਸੇਵਾ ਵਿਚ 50 ਹਜਾਰ ਰੁਪਏ ਦੀ ਨਕਦ ਰਾਸ਼ੀ ਸੰਪਰਦਾਇ ਦੇ ਜਥੇਦਾਰ ਬਾਬਾ ਬੀਰਾ ਸਿੰਘ ਅਤੇ ਜਥੇਦਾਰ ਬਾਬਰ ਸਿੰਘ ਜੀ ਨੂੰ ਭੇਂਟ ਕੀਤੀ। ਜਥੇਦਾਰਾਂ ਵੱਲੋਂ ਸੰਗਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ।
ਡਾ. ਗੁਲਜ਼ਾਰ ਸਿੰਘ ਪ੍ਰਧਾਨ ਨੇ ਇਸ ਮੌਕੇ ਕਿਹਾ ਕਿ ਉਹ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਵੱਲੋਂ ਸਾਲ 2023 ਵਿਚ ਅਤੇ ਇਸ ਵਰ੍ਹੇ ਪੰਜਾਬ ਵਾਸੀਆਂ ਦੇ ਬਿਪਤਾ ਭਰੇ ਹਾਲਾਤਾਂ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾ ਤੋਂ ਬਹੁਤ ਪ੍ਰਭਾਵਿਤ ਹਨ। ਉਹ ਸਮੂਹ ਨਗਰ ਵੱਲੋਂ ਇਹਨਾਂ ਸੇਵਾਵਾਂ ਵਿਚ ਛੋਟੀ ਜਿਹੀ ਹਾਜ਼ਰੀ ਲਗਵਾਉਣ ਲਈ ਪੁੱਜੇ ਹਨ। ਭਵਿੱਖ ਵਿਚ ਵੀ ਅਸੀਂ ਸੰਪਰਦਾਇ ਵੱਲੋਂ ਕੀਤੀਆਂ ਜਾਂਦੀਆਂ ਸੇਵਾਵਾਂ ਲਈ ਹਾਜ਼ਰ ਰਹਿਣਗੇ।



