ਪਟਿਆਲਾ– ਪੰਜਾਬ ਦੇ ਪਟਿਆਲਾ ਜੇਲ੍ਹ ਵਿੱਚ ਬੰਦ ਸਿੱਖ ਨੌਜਵਾਨ ਭਾਈ ਸੰਦੀਪ ਸਿੰਘ ਸੰਨੀ (ਅੰਮ੍ਰਿਤਸਰ ਵਾਲੇ) ਉੱਤੇ ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਵੱਲੋਂ ਕੀਤੇ ਗਏ ਭਿਆਨਕ ਤਸ਼ੱਦਦ ਨੇ ਪਟਿਆਲਾ ਜ਼ਿਲ੍ਹਾ ਅਦਾਲਤ ਵਿੱਚ ਇੱਕ ਭਾਵੁਕ ਮਾਹੌਲ ਪੈਦਾ ਕਰ ਦਿੱਤਾ। ਅਦਾਲਤੀ ਪੇਸ਼ੀ ਦੌਰਾਨ ਜਦੋਂ ਜੱਜ ਸਾਹਿਬ ਨੇ ਸੰਦੀਪ ਨੂੰ ਆਪਣੇ ਸਰੀਰ ਤੇ ਹੋਏ ਨੁਕਸਾਨ ਨੂੰ ਵਿਖਾਉਣ ਲਈ ਕੱਪੜੇ ਉਤਾਰਨ ਲਈ ਕਿਹਾ, ਤਾਂ ਅਦਾਲਤ ਵਿੱਚ ਖੜ੍ਹੇ ਸਾਰੇ ਲੋਕ ਰੋਣ ਲੱਗ ਪਏ। ਉਨ੍ਹਾਂ ਦੇ ਲੱਕ ਤੋਂ ਹੇਠਾਂ ਸਾਰਾ ਸਰੀਰ ਬੁਰੀ ਤਰ੍ਹਾਂ ਫਿਸਿਆ ਪਿਆ ਸੀ ਅਤੇ ਤਿੰਨ ਕੱਛਹਿਰੇ ਖੂਨ ਨਾਲ ਭਿੱਜੇ ਹੋਏ ਸਨ। ਇਹ ਨਜ਼ਾਰਾ ਵੇਖ ਕੇ ਵਕੀਲ ਘੁੰਮਣ ਭਰਾ ਭਾਵੁਕ ਹੋ ਗਏ ਅਤੇ ਨੇ ਕਿਹਾ ਕਿ ਉਹ ਇਸ ਕੇਸ ਵਿੱਚ ਆਪਣੀ ਜਾਨ ਵੀ ਲਗਾ ਦੇਣਗੇ।
ਇਹ ਮਾਮਲਾ ਹੁਣ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਲਈ ਚੁਣੌਤੀ ਬਣ ਗਿਆ ਹੈ, ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਸਖ਼ਤ ਨੋਟਿਸ ਲਿਆ ਹੈ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪੰਥਕ ਮੁੱਦੇ ਵਿੱਚ ਇੱਕਜੁਟ ਹੋ ਹੋਣ। ਭਾਈ ਸੰਦੀਪ ਸਿੰਘ ਸੰਨੀ 2016 ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਗੋਲੀਕਾਂਡ ਮਾਮਲੇ ਵਿੱਚ ਨਜ਼ਰਬੰਦ ਹਨ ਅਤੇ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਬੀਤੇ ਕੁਝ ਦਿਨਾਂ ਪਹਿਲਾਂ ਜੇਲ੍ਹ ਵਿੱਚ ਇੱਕ ਭਿਆਨਕ ਘਟਨਾ ਵਾਪਰੀ, ਜਿੱਥੇ ਸੰਦੀਪ ਨੇ ਉਸੇ ਜੇਲ੍ਹ ਵਿੱਚ ਬੰਦ ਤਿੰਨ ਸਾਬਕਾ ਪੁਲਿਸ ਅਧਿਕਾਰੀਆਂ – ਡੀ.ਐੱਸ.ਪੀ. ਗੁਰਬਚਨ ਸਿੰਘ, ਇੰਸਪੈਕਟਰ ਸੂਬਾ ਸਿੰਘ (ਜਿਸ ਨੂੰ ‘ਸੂਬਾ ਸਰਹੰਦ’ ਵੀ ਕਿਹਾ ਜਾਂਦਾ ਹੈ) ਅਤੇ ਡਰੱਗ ਤਸਕਰੀ ਮਾਮਲੇ ਵਿੱਚ ਬੰਦ ਇੰਸਪੈਕਟਰ ਇੰਦਰਜੀਤ ਸਿੰਘ – ਉੱਤੇ ਹਮਲਾ ਕੀਤਾ।
ਇਹ ਅਧਿਕਾਰੀ 1984 ਅਤੇ ਬਾਅਦ ਵਾਲੇ ਸਮੇਂ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਪੰਜਾਬ ਨੌਜਵਾਨਾਂ ਨੂੰ ਮਾਰਨ ਵਾਲੇ ਦੋਸ਼ੀ ਮੰਨੇ ਜਾਂਦੇ ਹਨ। ਹਮਲੇ ਵਿੱਚ ਤਿੰਨੇ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਰਿਵਾਰ ਅਤੇ ਵਕੀਲ ਅਨੁਸਾਰ, ਇਹ ਪੂਰੀ ਘਟਨਾ ਭਾਈ ਸੰਦੀਪ ਵਿਰੁੱਧ ਇੱਕ ਗਹਿਰੀ ਸਾਜ਼ਿਸ਼ ਸੀ। ਇਹ ਅਧਿਕਾਰੀ ਜਾਣ ਬੁੱਝ ਕੇ ਸੰਦੀਪ ਨਾਲ ਉਲਝੇ, ਜਿਸ ਨਾਲ ਉਹ ਆਪਣੇ ਬਚਾਅ ਵਿੱਚ ਹਮਲਾ ਕਰਨ ਲਈ ਮਜਬੂਰ ਹੋ ਗਏ। ਹਮਲੇ ਤੋਂ ਬਾਅਦ ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਨੇ ਸੰਦੀਪ ਉੱਤੇ ਅਣਮਨੁੱਖੀ ਤਸ਼ੱਦਦ ਕੀਤਾ – ਉਨ੍ਹਾਂ ਏ ਤਿੰਨ ਵਾਰ ਕੱਛਹਿਰੇ ਬਦਲੇ, ਗਿੱਟੇ ਤੋੜੇ, ਦੋਵੇਂ ਅੱਖਾਂ ਨੂੰ ਨੁਕਸਾਨ ਪਹੁੰਚਾਇਆ, ਦਾੜ੍ਹੀ-ਕੇਸਾਂ ਦੀ ਬੇਅਦਬੀ ਕੀਤੀ ਅਤੇ ਅਧਮੋਇਆ ਕਰ ਦਿੱਤਾ। ਉਨ੍ਹਾਂ ਨੂੰ ਇਕੱਲੇ ਕੋਠੜੀ ਵਿੱਚ ਬੰਦ ਕਰਕੇ ਰੱਖਿਆ ਗਿਆ, ਜਿੱਥੇ ਚੱਕਰ ਆਉਣ ਅਤੇ ਸਰੀਰ ਵਿੱਚ ਭਿਆਨਕ ਦਰਦ ਹੋਣ ਤੇ ਵੀ ਮੈਡੀਕਲ ਨਹੀਂ ਦਿੱਤਾ। ਫੋਨ ਰਾਹੀਂ ਪਰਿਵਾਰ ਨਾਲ ਗੱਲ ਕਰਕੇ ਸੰਦੀਪ ਨੇ ਆਪਣੀ ਹਾਲਤ ਦੀ ਪੁਸ਼ਟੀ ਕੀਤੀ, ਜਿਸ ਦੀ ਰਿਕਾਰਡਿੰਗ ਵੀ ਅਦਾਲਤ ਵਿੱਚ ਪੇਸ਼ ਕੀਤੀ ਗਈ।
ਪਰਿਵਾਰ ਨੇ ਦੱਸਿਆ ਕਿ ਅਦਾਲਤ ਨੇ 15 ਸਤੰਬਰ ਨੂੰ ਮੈਡੀਕਲ ਜਾਂਚ ਦੇ ਹੁਕਮ ਦਿੱਤੇ ਸਨ, ਪਰ ਪੁਲਿਸ ਨੇ ਇਹ ਨਹੀਂ ਕਰਵਾਏ ਅਤੇ ਸੰਦੀਪ ਨੂੰ ਪਟਿਆਲਾ ਤੋਂ ਸੰਗਰੂਰ ਜੇਲ੍ਹ ਵਿੱਚ ਤਬਾਦਲਾ ਕਰ ਦਿੱਤਾ, ਜੋ ਤਸ਼ੱਦਦ ਨੂੰ ਲੁਕਾਉਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ। ਪਰਿਵਾਰ ਨੇ ਜੇਲ੍ਹ ਸਾਹਮਣੇ ਲਗਾਤਾਰ ਧਰਨਾ ਲਗਾਇਆ ਹੈ, ਪਰ ਸਿੱਖ ਕੌਮ ਅਤੇ ਜਥੇਬੰਦੀਆਂ ਵੱਲੋਂ ਪੂਰਾ ਸਮਰਥਨ ਨਾ ਮਿਲਣ ਉੱਤੇ ਗਹਿਰਾ ਰੋਸ ਜ਼ਾਹਰ ਕੀਤਾ ਹੈ। ਭਰਾ ਅਮਰਜੀਤ ਸਿੰਘ ਨੇ ਕਿਹਾ, “ਪਿਛਲੇ ਕਈ ਦਿਨਾਂ ਤੋਂ ਧਰਨੇ ਵਿੱਚ ਸੰਗਤ ਦੀ ਹਾਜ਼ਰੀ ਘੱਟ ਹੈ ਅਤੇ ਜਥੇਬੰਦੀਆਂ ਆਪਣਾ ਫਰਜ਼ ਨਹੀਂ ਨਿਭਾ ਰਹੀਆਂ।ਇਸ ਮੌਕੇ ਸੰਦੀਪ ਦੇ ਭਰਾ ਭਾਈ ਅਮਰਜੀਤ ਸਿੰਘ ਬਡਗੁਜਰਾਂ ਤੇ ਵਕੀਲ ਘੁੰਮਣ ਨੇ ਚੇਤਾਵਨੀ ਦਿੱਤੀ ਕਿ ਜੇ ਕਾਰਵਾਈ ਨਾ ਹੋਈ ਤਾਂ ਸਿੱਖ ਜਥੇਬੰਦੀਆਂ ਨੂੰ ਸੰਘਰਸ਼ ਦਾ ਰਾਹ ਅਪਨਾਉਣਾ ਪਵੇਗਾ। ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਦੋਸ਼ੀ ਅਧਿਕਾਰੀਆਂ ਦੀ ਬੈਰਕ ਬਦਲੀ ਜਾਵੇ ਅਤੇ ਸੰਦੀਪ ਨੂੰ ਸਹੂਲਤਾਂ ਦਿੱਤੀਆਂ ਜਾਣ, ਨਹੀਂ ਤਾਂ ਪੰਜਾਬ ਦਾ ਮਹੌਲ ਵਿਗੜ ਸਕਦਾ ਹੈ।ਪਰਿਵਾਰ ਨੇ ਦੇਸ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਭਾਈ ਸੰਦੀਪ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇ ਅਤੇ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਉੱਤੇ ਦਬਾਅ ਪਾਇਆ ਜਾਵੇ ਕਿ ਉਹ ਪਰਿਵਾਰ ਦਾ ਸਾਥ ਦੇਣ। ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੰਥਕ ਮੁੱਦੇ ਨੂੰ ਹਲ ਨਾ ਕੀਤਾ ਤਾਂ ਵੱਡਾ ਅੰਦੋਲਨ ਖੜ੍ਹਾ ਹੋ ਸਕਦਾ ਹੈ।
ਅਕਾਲ ਤਖ਼ਤ ਅਤੇ ਪੰਥਕ ਨੇਤਾਵਾਂ ਦਾ ਸਟੈਂਡ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਦਾਲਤੀ ਹੁਕਮਾਂ ਦੀ ਅਣਦੇਖੀ ਅਤੇ ਤਬਾਦਲਾ ਤਸ਼ੱਦਦ ਦੀ ਪੁਸ਼ਟੀ ਕਰਦਾ ਹੈ। ਜਥੇਦਾਰ ਨੇ ਜੇਲ੍ਹ ਪ੍ਰਸ਼ਾਸਨ ਨੂੰ ਤੁਰੰਤ ਮੈਡੀਕਲ ਜਾਂਚ ਕਰਵਾਉਣ ਅਤੇ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦੀ ਹਦਾਇਤ ਕੀਤੀ ਹੈ। ਜੇ ਤਸ਼ੱਦਦ ਪੁਸ਼ਟੀ ਹੋਈ ਤਾਂ ਦੋਸ਼ੀ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਮੁਅੱਤਲ ਕਰਨ ਅਤੇ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਪੰਜਾਬ ਜੇਲ੍ਹ ਮੰਤਰੀ ਨੂੰ ਉੱਚ ਪੱਧਰੀ ਨਿਰਪੱਖ ਜਾਂਚ ਅਤੇ ਸਖ਼ਤ ਕਾਰਵਾਈ ਦੀ ਅਪੀਲ ਕੀਤੀ। ਜਥੇਦਾਰ ਨੇ ਚਿੰਤਾ ਜ਼ਾਹਰ ਕੀਤੀ ਕਿ ਜੇਲ੍ਹ ਵਿੱਚ ਹੀ ਕੈਦੀਆਂ ਉੱਤੇ ਤਸ਼ੱਦਦ ਹੋਣਾ ਪ੍ਰਸ਼ਾਸਨ ਦੀ ਨਾਕਾਮੀ ਨੂੰ ਉਜਾਗਰ ਕਰਦਾ ਹੈ ਅਤੇ ਜੇ ਬੈਰਕ ਪਹਿਲਾਂ ਬਦਲੀ ਜਾਂਦੀ ਤਾਂ ਇਹ ਘਟਨਾ ਨਾ ਵਾਪਰਦੀ।
ਸ੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰ ਪੰਥਕ ਨੇਤਾਵਾਂ ਨੇ ਵੀ ਜੇਲ੍ਹ ਪ੍ਰਸ਼ਾਸਨ ਦੇ ਵਿਵਹਾਰ ਨੂੰ ਦੁਖਦਾਈ ਅਤੇ ਬੇਇਨਸਾਫ਼ੀ ਵਾਲਾ ਕਿਹਾ ਹੈ। ਇਹ ਮਾਮਲਾ ਸਿੱਖ ਕੈਦੀਆਂ ਦੀ ਸੁਰੱਖਿਆ ਅਤੇ ਜੇਲ੍ਹ ਪ੍ਰਸ਼ਾਸਨ ਦੀ ਜਵਾਬਦੇਹੀ ਉੱਤੇ ਗੰਭੀਰ ਸਵਾਲ ਉਠਾਉਂਦਾ ਹੈ। ਇਹ ਘਟਨਾ ਪੰਜਾਬ ਦੇ ਜੇਲ੍ਹ ਸਿਸਟਮ ਅਤੇ ਕੈਦੀਆਂ ਦੇ ਅਧਿਕਾਰਾਂ ਬਾਰੇ ਗੰਭੀਰ ਚਿੰਤਾ ਪੈਦਾ ਕਰਦੀ ਹੈ। ਸਰਕਾਰ ਨੂੰ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਨਸਾਫ਼ ਮਿਲ ਸਕੇ ਅਤੇ ਮਹੌਲ ਸ਼ਾਂਤ ਰਹੇ।



