ਥਾਣਾ ਛੇ ਅਧੀਨ ਆਉਂਦੇ ਮਾਡਲ ਟਾਊਨ ‘ਚ ਹਾਰਟ ਅਟੈਕ ਪਰਾਠਾ ਦੀ ਰੇਹੜੀ ਲਗਾਉਣ ਵਾਲਾ ਬੀਰ ਦਵਿੰਦਰ ਸਿੰਘ ਇਕ ਵਾਰ ਫਿਰ ਵਿਵਾਦਾਂ ‘ਚ ਨਜ਼ਰ ਆ ਰਿਹਾ ਹੈ। ਉਸ ਨੇ ਪੁਲਿਸ ‘ਤੇ ਆਪਣੇ ਨਾਲ ਮਾਰ-ਕੁਟਾਈ ਕਰਨ ਤੋਂ ਇਲਾਵਾ ਰੇਹੜੀ ‘ਤੇ ਇਕੱਠੇ ਕੰਮ ਕਰ ਰਹੀ 60 ਸਾਲ ਦੀ ਅੰਮ੍ਰਿਤਧਾਰੀ ਮਾਂ ਨੂੰ ਵੀ ਗਾਲ੍ਹਾਂ ਕੱਢਣ ਦੇ ਦੋਸ਼ ਲਗਾਏ ਹਨ। ਮਾਰ-ਕੁਟਾਈ ਤੋਂ ਬਾਅਦ ਜ਼ਖ਼ਮੀ ਹਾਲਤ ‘ਚ ਪਰਿਵਾਰ ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਜਿਸ ਦੀ ਸ਼ਿਕਾਇਤ ਉਸ ਨੇ ਪੁਲਿਸ ਦੇ ਉੱਚ-ਅਧਿਕਾਰੀਆਂ ਨੇ ਦਿੱਤੀ।
ਹਾਰਟ ਅਟੈਕ ਪਰਾਠਾ ਦੀ ਰੇਹੜੀ ਲਾਉਣ ਵਾਲੇ ਜ਼ਖ਼ਮੀ ਬੀਰ ਦਵਿੰਦਰ ਸਿੰਘ ਵਡਾਲਾ ਨੇ ਦੱਸਿਆ ਕਿ ਉਹ ਮਾਡਲ ਟਾਊਨ ‘ਚ ਰਾਤ ਨੂੰ ਰੇਹੜੀ ਲਗਾ ਕੇ ਪਰਾਠੇ ਵੇਚ ਕੇ ਪਰਿਵਾਰ ਦਾ ਪੇਟ ਪਾਲਦਾ ਹੈ। ਉਹ ਰੋਜ਼ਾਨਾ ਵਾਂਗ ਸੋਮਵਾਰ ਰਾਤ ਰੇਹੜੀ ‘ਤੇ ਮਾਤਾ ਨਾਲ ਕੰਮ ਕਰ ਰਿਹਾ ਸੀ ਕਿ ਉਸੇ ਦੌਰਾਨ ਚਾਰ ਤੋਂ ਪੰਜ ਗੱਡੀਆਂ ‘ਚ ਸਵਾਰ ਹੋ ਕੇ ਆਏ ਪੁਲਿਸ ਮੁਲਾਜ਼ਮ ਉਸ ਨੂੰ ਤੰਗ ਕਰਨ ਲੱਗੇ। ਉਸ ਨੇ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸੇ ਦੌਰਾਨ ਉਨ੍ਹਾਂ ਮੰਦਭਾਗੀ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਤੇ ਮਾਰ-ਕੁਟਾਈ ਕਰਦੇ ਹੋਏ ਗੱਡੀ ‘ਚ ਬਿਠਾਉਣ ਦੀ ਕੋਸ਼ਿਸ਼ ਕੀਤੀ।
ਬਚਾਅ ਲਈ ਰੇਹੜੀ ‘ਤੇ ਮੌਜੂਦ ਉਸਦੀ ਮਾਂ ਅੱਗੇ ਆਈ ਤਾਂ ਪੁਲਿਸ ਵਾਲਿਆਂ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਬਾਅਦ ‘ਚ ਪੁਲਿਸ ਮੌਕੇ ਤੋਂ ਚਲੀ ਗਈ, ਜਿਸ ਤੋਂ ਬਾਅਦ ਉਸ ਨੂੰ ਪਰਿਵਾਰ ਨੇ ਸਿਵਲ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ। ਉਸ ਨੇ ਪੁਲਿਸ ਦੇ ਉੱਚ ਅਧਿਕਾਰੀ ਨੂੰ ਅਪੀਲ ਕੀਤੀ ਹੈ ਕਿ ਰੇਹੜੀ ਕੋਲ ਪ੍ਰਾਈਵੇਟ ਬੈਂਕ ਦੇ ਸੀਸੀਟਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਸਾਰੀ ਘਟਨਾ ਦਾ ਪਤਾ ਚੱਲ ਸਕੇ।
ਕਪਿਲ ਸ਼ਰਮਾ ਪਤਨੀ ਗਿੰਨੀ ਨਾਲ ਪਹੁੰਚੇ ਦਵਿੰਦਰ ਦੀ ਰੇਹੜੀ ‘ਤੇਕਪਿਲ ਸ਼ਰਮਾ ਨੇ ਹਾਰਟ ਅਟੈਕ ਪਰਾਠੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਦੇਖੀ ਸੀ। 29 ਦਸੰਬਰ 2024 ਨੂੰ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਦੇ ਨਾਲ ਆਪਣੇ ਸਹੁਰੇ ਜਲੰਧਰ ਪਹੁੰਚੇ, ਜਿੱਥੇ ਉਨ੍ਹਾਂ ਮਾਡਲ ਟਾਊਨ ‘ਚ ਦਵਿੰਦਰ ਸਿੰਘ ਦੀ ਰੇਹੜੀ ‘ਤੇ ਪਰਾਠਿਆਂ ਦਾ ਸਵਾਦ ਲਿਆ। ਕਪਿਲ ਸ਼ਰਮਾ ਨੇ ਬੀਰ ਦਵਿੰਦਰ ਦੇ ਪਰਾਠੇ ਖਾਣ ਤੋਂ ਬਾਅਦ ਉਸ ਨਾਲ ਤਸਵੀਰ ਵੀ ਖਿੱਚਵਾਈ, ਜੋ ਇੰਟਰਨੈਟ ‘ਤੇ ਵਾਇਰਲ ਹੋ ਗਈ। ਉਸ ਤੋਂ ਬਾਅਦ ਰੇਹੜੀ ‘ਤੇ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ।
ਉਸ ਸਮੇਂ ਉਸ ਨੇ ਦੋਸ਼ ਲਗਾਏ ਸਨ ਕਿ ਰੇਹੜੀ ‘ਤੇ ਭੀੜ ਸਾਹਮਣੇ ਥਾਣਾ ਛੇ ਦੇ ਇੰਚਾਰਜ ਅਯਾਜਬ ਸਿੰਘ ਨੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਤੇ ਉਨ੍ਹਾਂ ਨੂੰ ਥਾਣੇ ਲੈ ਗਿਆ ਸੀ, ਜਿਸ ਦੀ ਸ਼ਿਕਾਇਤ ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਕੀਤੀ ਸੀ ਤੇ ਉਸ ਸਮੇਂ ਵੀ ਉਹ ਵਿਵਾਦਾਂ ‘ਚ ਰਿਹਾ ਸੀ। ਪਹਿਲਾਂ ਵੀ ਇੰਟਰਨੈਟ ‘ਤੇ ਵੀਡੀਓ ਪਾ ਕੇ CM Mann ਤੇ DGP ਤੋਂ ਮੰਗਿਆ ਸੀ ਇਨਸਾਫ ਦੱਸ ਦੇਈਏ ਕਿ ਬੀਰ ਦਵਿੰਦਰ ਸਿੰਘ ਨੇ ਆਪਣੇ ਉੱਤੇ ਹੋ ਰਹੇ ਅੱਤਿਆਚਾਰਾਂ ਦੀਆਂ ਕਈ ਵੀਡੀਓ ਵੀ ਜਾਰੀ ਕੀਤੀਆਂ ਹਨ।
ਕੁਝ ਸਮਾਂ ਪਹਿਲਾਂ ਦਵਿੰਦਰ ਨੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਤੇ ਡੀਜੀਪੀ ਗੌਰਵ ਯਾਦਵ ਤੋਂ ਥਾਣਾ ਛੇ ਦੇ ਇੰਚਾਰਜ ਖ਼ਿਲਾਫ਼ ਕਾਰਵਾਈ ਕਰਨ ਤੇ ਰੇਹੜੀ ਲਗਾਉਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਮਾਡਲ ਟਾਊਨ ‘ਚ ਪਰਾਠਿਆਂ ਦਾ ਕਾਊਂਟਰ ਲਗਾਉਂਦੇ ਹਨ ਅਤੇ ਪੁਲਿਸ ਉਨ੍ਹਾਂ ਨੂੰ ਬੇਵਜ੍ਹਾ ਤੰਗ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੁਲਿਸ ਉਨ੍ਹਾਂ ਨੂੰ ਥਾਣੇ ਲੈ ਗਈ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਖ਼ਿਲਾਫ਼ ਕਾਨੂੰਨ ਦੀ ਉਲੰਘਣਾ ਕਰਨ ਦੇ ਤਹਿਤ ਆਈਪੀ ਦੀ ਧਾਰਾ 188 ਦਾ ਕੇਸ ਵੀ ਦਰਜ ਕੀਤਾ ਗਿਆ।



