• Home  
  • ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ਕਰਵਾਇਆ
- ਖ਼ਬਰਾ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ਕਰਵਾਇਆ

ਖ਼ਾਲਸਾ ਕਾਲਜ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ‘ਗੁਰੂ ਤੇਗ਼ ਬਹਾਦਰ ਜੀ ਜੀਵਨ ਅਤੇ ਸ਼ਹਾਦਤ’ ਵਿਸ਼ੇ ’ਤੇ ਇੱਕ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਯੋਗ ਰਹਿਨੁਮਾਈ ਹੇਠ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ, ਸੈਮੀਨਾਰ ਕੋਆਰਡੀਨੇਟਰ ਡਾ. ਕੁਲਦੀਪ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਸਿੱਖ […]

ਖ਼ਾਲਸਾ ਕਾਲਜ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ‘ਗੁਰੂ ਤੇਗ਼ ਬਹਾਦਰ ਜੀ ਜੀਵਨ ਅਤੇ ਸ਼ਹਾਦਤ’ ਵਿਸ਼ੇ ’ਤੇ ਇੱਕ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਯੋਗ ਰਹਿਨੁਮਾਈ ਹੇਠ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ, ਸੈਮੀਨਾਰ ਕੋਆਰਡੀਨੇਟਰ ਡਾ. ਕੁਲਦੀਪ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਸਿੱਖ ਇਤਿਹਾਸ ਖੋਜ ਕੇਂਦਰ ਵਿਖੇ ਕਰਵਾਏ ਗਏ ਸੈਮੀਨਾਰ ਦਾ ਆਰੰਭ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦੇ ਸ਼ਬਦ ਗਾਇਨ ਨਾਲ ਕੀਤਾ ਗਿਆ।

ਪ੍ਰਿੰ: ਡਾ. ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਅਤੇ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਕਾਲਜ ਦੀ ਕੌਫੀ ਟੇਬਲ ਬੁੱਕ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆ ਕਿਹਾ। ਇਸ ਉਪਰੰਤ ਸ. ਅਮਰਜੀਤ ਦੇ ਨਾਟਕ 1675 ਸਮੇਤ ਤਿੰਨ ਪੁਸਤਕਾਂ ਨੂੰ ਰੀਲੀਜ਼ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਸੰਦੇਸ਼ ਵਿਵਾਦਾਂ ਤੋਂ ਪਰੇ ਅਤੇ ਗੁਰਮਤਿ ਮਰਿਆਦਾ ਵਿੱਚ ਰਹਿ ਕੇ ਸੰਤੋਖੀ ਜ਼ਿੰਦਗੀ ਜੀਣ ਦੀ ਪ੍ਰੇਰਨਾ ਨਾਲ ਸਬੰਧਿਤ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਖ਼ਸੀਅਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਿੱਖੀ ਕੇਵਲ ਰੂਹਾਨੀ ਧਰਮ ਭਾਵਨਾ ਤੱਕ ਹੀ ਸੀਮਤ ਨਹੀਂ, ਬਲਕਿ ਇਕ ਸਮਾਜਿਕ ਧਰਮ ਹੈ ਜੋ ਸਚਾਰੂ ਜੀਵਨ ਜਾਚ ਦਾ ਅਧਾਰ ਹੈ।

ਇਸ ’ਚ ਰਾਜਸੀ ਅਤੇ ਨੈਤਿਕ ਦੋਵੇਂ ਪੱਖ ਆ ਜਾਂਦੇ ਹਨ। ਇਹ ਚਿੰਤਾ ’ਤੇ ਚਿੰਤਨ ਕਰਨ ਦੀ ਭਾਵਨਾ ਦਾ ਤਿਆਗ ਕਰਕੇ ਭਾਣਾ ਮੰਨਣ ਦੀ ਭਾਵਨਾ ਦਾ ਸੰਦੇਸ਼ ਦਿੰਦੀ ਹੈ। ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਸੈਮੀਨਾਰ ਦਾ ਉਦੇਸ਼ ਗੁਰੂ ਤੇਗ਼ ਬਹਾਦਰ ਜੀ ਦੀਆਂ ਸਿੱਖਿਆਵਾਂ ਦੇ ਪਾਸਾਰ ਅਤੇ ਵਿਸਥਾਰ ਕਰਨ ਨਾਲ ਸਬੰਧਿਤ ਹੈ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਦੀ ਪੂਰਤੀ ਹਿੱਤ ਇਹ ਸੈਮੀਨਾਰ ਕਰਵਾਏ ਜਾ ਰਹੇ ਵੱਖ-ਵੱਖ ਸਮਾਗਮਾਂ ਦੀ ਲੜੀ ਦਾ ਇਕ ਹਿੱਸਾ ਹੈ। ਉਨ੍ਹਾਂ ਗੁਰੂ ਸਾਹਿਬ ਦੀ ਬਾਣੀ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ’ਚ ਗੁਰੂ ਸਾਹਿਬ ਦੀ ਬਾਣੀ ਦੀ ਪ੍ਰਸੰਗਿਕਤਾ ਦਾ ਓਨਾ ਹੀ ਮਹੱਤਵ ਹੈ ਜਿਨਾ ਕਿ ਉਸ ਸਮੇਂ ਵਿੱਚ ਸੀ ਜਦੋਂ ਇਸਦੀ ਰਚਨਾ ਕੀਤੀ ਗਈ। ਇਸ ਲਈ ਗੁਰੂ ਸਾਹਿਬ ਦੀ ਬਾਣੀ ਦੀ ਸਾਰਥਿਕਤਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਕਠਨ ਹੈ।

ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਮਾਨਵਤਾ ਦੀ ਭਲਾਈ ਹੀ ਇਸਦਾ ਮੁੱਖ ਉਦੇਸ਼ ਹੈ। ਪ੍ਰਸਿੱਧ ਚਿੰਤਕ ਅਤੇ ਨਾਮਵਰ ਲੇਖਕ ਅਮਰਜੀਤ ਸਿੰਘ ਗਰੇਵਾਲ ਨੇ ਗੁਰੂ ਸਾਹਿਬ ਦੀ ਬਾਣੀ ਦੀ ਵਿਸ਼ਵ ਪੱਧਰ ਦੀ ਦਾਰਸ਼ਨਿਤਾ ਬਾਰੇ ਵਿਚਾਰ-ਚਰਚਾ ਕਰਦਿਆਂ ਕਿਹਾ ਕਿ ਅੱਜ ਦਾ ਸਮਾਜ ਕਈ ਤਰ੍ਹਾਂ ਦੀਆਂ ਚਣੌਤੀਆਂ ਨਾਲ ਘਿਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚ ਘਿਰੇ ਮਨੁੱਖ ਦੀ ਹੋਂਦ ਖਤਰੇ ’ਚ ਜਾ ਚੁਕੀ ਹੈ। ਇਸ ਸਮੱਸਿਆ ’ਚੋਂ ਬਾਹਰ ਨਿਕਲਣ ਦੇ ਸਾਧਨ ਵਜੋਂ ਗੁਰੂ ਸਾਹਿਬ ਦੀ ਬਾਣੀ ਦੀ ਵਿਸ਼ੇਸ਼ ਮਹੱਤਤਾ ਹੈ। ਗੁਰੂ ਸਾਹਿਬ ਦੀ ਬਾਣੀ ਸਰਵ- ਆਪਕ ਪੱਧਰ ’ਤੇ ਭਲਾਈ ਦਾ ਸੰਦੇਸ਼ ਦਿੰਦੀ ਹੈ।

ਗੁਰੂ ਸਾਹਿਬ ਦੀ ਸ਼ਹਾਦਤ ਦੁਨੀਆਂ ਦੇ ਇਤਿਾਹਸ ਵਿੱਚ ਦੂਜਿਆ ਦੀ ਭਲਾਈ ਦਾ ਇੱਕ ਉੱਤਮ ਨਮੂਨਾ ਹੈ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਇਤਿਹਾਸਕ ਵੇਰਵਿਆਂ ਦੀ ਜਾਣਕਾਰੀ ਦਿੰਦਿਆਂ ਗੁਰੂ ਸਾਹਿਬ ਦੀ ਸ਼ਹੀਦੀ ਦੇ ਕਾਰਨਾਂ ਅਤੇ ਉਦੇਸ਼ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਨਿੱਜੀ ਜ਼ਿੰਦਗੀ ਦੇ ਸੁਆਰਥਾਂ ਤੋਂ ਉੱਪਰ ਉੱਠ ਕੇ ਸਮਾਜਿਕ ਭਲਾਈ ਅਤੇ ਵਿਕਾਸ ਨੂੰ ਦ੍ਰਿੜ ਕਰਨ ਦੇ ਸੰਦੇਸ਼ ਨਾਲ ਸੰਬੰਧਿਤ ਹੈ। ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਪ੍ਰਪੱਕ ਕਰਦੀ ਉਹਨਾਂ ਦੀ ਸ਼ਹੀਦੀ ਸਮੁੱਚੀ ਮਾਨਵ ਜਾਤੀ ਦੀ ਭਲਾਈ ਦੇ ਸੰਦੇਸ਼ ਨਾਲ ਸੰਬੰਧਿਤ ਹੈ।

ਸੈਮੀਨਾਰ ਮੌਕੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਬਹੁ-ਵਿਧਾਵੀ ਅਤੇ ਬਹੁ-ਪਸਾਰੀ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੀਆਂ ਰਵਾਇਤਾਂ ਤੋਂ ਉੱਲਟ ਆਪਣੇ ਸੀਸ ਦੀ ਕੁਰਬਾਨੀ ਇੱਕ ਵਿਲੱਖਣ ਕੁਰਬਾਨੀ ਹੈ ਜਿਸਦੀ ਇਤਿਹਾਸ ਹੋਰ ਕਿਤੇ ਵੀ ਕੋਈ ਮਿਸਲਾ ਨਹੀਂ ਮਿਲਦੀ। ਧਰਮ ਅਤੇ ਅਧਰਮ ਦੀ ਲੜਾਈ ਵਿੱਚ ਗੁਰੂ ਜੀ ਦੀ ਸ਼ਹਾਦਤ ਇੱਕ ਪੂਰਨਾ ਹੈ। ਗੁਰੂ ਜੀ ਦੀ ਬਾਣੀ ਦਾ ਸੰਦੇਸ਼ ਹਰ ਮਨੁੱਖ ਨੂੰ ਆਪਣੇ ਧਰਮ ਅਨੁਸਾਰ ਜੀਣ ਅਤੇ ਰਹਿਣ ਦੇ ਹੱਕ ਦੀ ਪੇਰਵੀ ਕਰਦੀ ਹੈ। ਇਸ ਉਪਰੰਤ ਪ੍ਰੋ: ਅਵਤਾਰ ਸਿੰਘ ਅਤੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕੰਵਲਜੀਤ ਸਿੰਘ ਨੇ ਵੀ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਡਾ. ਰਮਿੰਦਰ ਕੌਰ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ ਅਤੇ ਸੈਮੀਨਾਰ ਦੇ ਮੰਚ ਦਾ ਸੰਚਾਲਨ ਸੈਮੀਨਾਰ ਦੇ ਕੋਆਰਡੀਨੇਟਰ ਡਾ. ਕੁਲਦੀਪ ਸਿੰਘ ਨੇ ਬਾਖੂਬੀ ਨਿਭਾਇਆ। ਇਸ ਮੌਕੇ ਡਾ. ਪਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਪ੍ਰਿੰ: ਡਾ. ਰੰਧਾਵਾ ਦੇ ਸੈਮੀਨਾਰ ਦੀ ਸਫ਼ਲਤਾ ਲਈ ਦਿੱਤੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਵੀ ਵਿਭਾਗ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਜਿਹੇ ਸੈਮੀਨਾਰ ਉਲੀਕਦਾ ਰਹੇਗਾ।

ਇਸ ਮੌਕੇ ਡਾ. ਮਿੰਨੀ ਸਲਵਾਨ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਪਰਮਿੰਦਰ ਜੀਤ ਕੌਰ, ਡਾ. ਮੇਜਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ ਦਯਾ ਸਿੰਘ, ਡਾ. ਅਮਾਨਤ ਮਸੀਹ, ਡਾ. ਅਮਨਦੀਪ ਕੌਰ, ਡਾ. ਯਾਦਵਿੰਦਰ ਕੌਰ, ਡਾ. ਪ੍ਰਭਜੀਤ ਸਿੰਘ, ਡਾ. ਰੁਪਿੰਦਰ ਕੌਰ, ਡਾ. ਪ੍ਰਭਜੀਤ ਕੌਰ, ਡਾ. ਸੰਦੀਪ ਕੌਰ ਮਾਹਲ, ਪ੍ਰੋ. ਵਰਿੰਦਰ ਸਿੰਘ ਆਦਿ ਹਾਜ਼ਰ ਸਨ। ਕੈਪਸ਼ਨ:ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਸੈਮੀਨਾਰ ਦੌਰਾਨ ਉੱਪ ਕੁਲਪਤੀ ਡਾ. ਮਹਿਲ ਸਿੰਘ ਸੰਬੋਧਨ ਕਰਦੇ ਹੋਏ ਨਾਲ ਬੈਠੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਤੇ ਹੋਰ।

Leave a comment

Your email address will not be published. Required fields are marked *

About Us

Lorem ipsum dol consectetur adipiscing neque any adipiscing the ni consectetur the a any adipiscing.

Email Us: infouemail@gmail.com

Contact: +5-784-8894-678

Daily Ujala Punjab   @2025. All Rights Reserved.