ਸੂਰਿਆ ਐਨਕਲੇਵ ਐਕਸਟੈਂਸ਼ਨ, ਬੀਬੀ ਭਾਨੀ ਕੰਪਲੈਕਸ ਤੇ ਇੰਦਰਪੁਰਮ ਮਾਸਟਰ ਗੁਰਬੰਤਾ ਸਿੰਘ ਐਨਕਲੇਵ ਦੇ 250 ਅਲਾਟੀਆਂ ਦਾ ਇੰਪਰੂਵਮੈਂਟ ਟਰੱਸਟ ਕੋਲ 70 ਕਰੋੜ ਰੁਪਏ ਬਕਾਇਆ ਖੜ੍ਹਾ ਹੈ। ਇਸ ਦਾ ਟਰੱਸਟ 7 ਕਰੋੜ ਰੁਪਏ ਸਾਲਾਨਾ ਵਿਆਜ ਭਰ ਰਿਹਾ ਹੈ। ਇੱਥੇ ਦੀ ਰੈਜ਼ੀਡੈਂਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਾਲ 2006 ਤੋਂ 2016 ਤੱਕ ਦੇ ਅਲਾਟੀ ਜ਼ਿਆਦਾਤਰ ਬਜ਼ੁਰਗ ਹੋ ਚੁੱਕੇ ਹਨ ਤੇ ਸਾਲਾਂ ਤੋਂ ਪੈਸਾ ਵਾਪਸ ਲੈਣ ਲਈ ਅਦਾਲਤਾਂ ਦੇ ਚੱਕਰ ਕੱਟਦੇ ਰਹੇ। ਇਸ ਕਾਰਨ ਕਈ ਵਾਰ ਟਰੱਸਟ ਦੇ ਖਾਤੇ ਕੁਰਕ ਹੋਏ। ਅਦਾਲਤਾਂ ਨੇ ਟਰੱਸਟ ਅਧਿਕਾਰੀਆਂ ਖਿਲਾਫ ਕਈ ਵਾਰ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਪਰ ਫਿਰ ਵੀ ਹਾਲਾਤ ਨਹੀਂ ਸੁਧਰੇ।
ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਟਰੱਸਟ ਕਰਜ਼ਾ ਲੈ ਕੇ ਉਨ੍ਹਾਂ ਦੇ ਪੈਸੇ ਵਾਪਸ ਕਰੇ। ਸੋਮਵਾਰ ਨੂੰ ਪ੍ਰੈੱਸ ਕਲੱਬ ’ਚ ਮੀਡੀਆ ਨਾਲ ਰੂਬਰੂ ਹੋ ਕੇ ਸੂਰਿਆ ਐਨਕਲੇਵ ਐਕਸਟੈਂਸ਼ਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਮੋਹਨ ਸ਼ਰਮਾ, ਸੂਰਿਆ ਸਕੱਤਰ ਸੀਏ ਰੇਵੰਤ ਬਹਲ ਤੇ ਬੀਬੀ ਭਾਨੀ ਕੰਪਲੈਕਸ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ’ਤੇ ਵੱਖ-ਵੱਖ ਅਦਾਲਤਾਂ ’ਚ ਲਗਪਗ 250 ਕੇਸ ਚੱਲ ਰਹੇ ਹਨ।
ਟਰੱਸਟ ਕੋਲ ਉਨ੍ਹਾਂ ਦਾ ਲਗਭਗ 70 ਕਰੋੜ ਰੁਪਏ ਬਕਾਇਆ ਹੈ, ਜਿਸ ਦਾ ਟਰੱਸਟ ਸਾਲਾਨਾ 7 ਕਰੋੜ ਰੁਪਏ ਵਿਆਜ ਭਰਦਾ ਹੈ। ਟਰੱਸਟ ਦਫ਼ਤਰ ’ਚ ਫਾਈਲਾਂ ਗੁੰਮ ਹੋ ਜਾਂਦੀਆਂ ਹਨ। ਫਾਈਲਾਂ ਨੂੰ ਲੱਭਣ ’ਚ ਕਈ ਦਿਨ ਲੱਗ ਜਾਂਦੇ ਹਨ। ਬੁਲਾਰਿਆਂ ਨੇ ਕਿਹਾ ਕਿ ਕੋਵਿਡ ਦੌਰਾਨ ਲਗਪਗ 38 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਉਸ ਸਮੇਂ ਟਰੱਸਟ ’ਤੇ ਬੈਂਕਾਂ ਦਾ ਲਗਪਗ 110 ਕਰੋੜ ਰੁਪਏ ਬਕਾਇਆ ਸੀ। ਇਹ ਕਰਜ਼ਾ ਅੰਮ੍ਰਿਤਸਰ ਟਰੱਸਟ ਤੇ ਲੁਧਿਆਣਾ ਟਰੱਸਟ ਤੋਂ 50-50 ਕਰੋੜ ਰੁਪਏ ਉਧਾਰ ਲੈ ਕੇ ਚੁਕਾਇਆ ਗਿਆ ਸੀ। ਮੌਜੂਦਾ ਹਾਲਾਤਾਂ ’ਚ ਵੀ ਟਰੱਸਟ ਉਧਾਰ ਲੈ ਕੇ ਅਲਾਟੀਆਂ ਦੀ ਰਕਮ ਵਾਪਸ ਕਰ ਸਕਦਾ ਹੈ।
ਟਰੱਸਟ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੈ, ਜਿਸ ਨੂੰ ਨਿਲਾਮ ਕਰ ਕੇ ਬਕਾਇਆ ਰਕਮ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਕਈ ਵਾਰ ਅਦਾਲਤਾਂ ਟਰੱਸਟ ਦੇ ਅਧਿਕਾਰੀਆਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਚੁੱਕੀਆਂ ਹਨ ਪਰ ਕੋਈ ਨਤੀਜਾ ਨਹੀਂ ਨਿਕਲਦਾ। ਕਈ ਅਲਾਟੀਆਂ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦੀਆਂ ਬੇਸਹਾਰਾ ਵਿਧਵਾਵਾਂ ਪੈਸਾ ਲੈਣ ਲਈ ਦਰ-ਦਰ ਭਟਕਣ ਨੂੰ ਮਜਬੂਰ ਹਨ। ਕਈ ਲੋਕ ਆਪਣੇ ਜੀਵਨ ਦੇ ਆਖਰੀ ਪੜਾਅ ’ਤੇ ਹਨ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਦੀ ਬਚਤ ਟਰੱਸਟ ਨੂੰ ਸੌਂਪ ਦਿੱਤੀ ਸੀ। ਸਾਲ 2006 ਤੋਂ 2016 ਤੱਕ ਦੇ ਅਲਾਟੀ ਅਦਾਲਤਾਂ ਦੇ ਹੁਕਮਾਂ ਦੇ ਬਾਵਜੂਦ ਆਪਣੇ ਭੁਗਤਾਨ ਲਈ ਉਡੀਕ ਕਰਨ ਨੂੰ ਮਜਬੂਰ ਹਨ।



