ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਤੇ ਸ਼ਹਿਰੀ ਵਿਕਾਸ ਮੰਤਰੀ ਵਿਕਰਮਾਦਿੱਤਿਆ ਸਿੰਘ ਤੇ ਪੰਜਾਬ ਦੀ ਡਾ. ਅਮਰੀਨ ਕੌਰ ਵਿਆਹ ਦੇ ਬੰਧਨ ‘ਚ ਬੱਝ ਗਏ। ਦੋਵਾਂ ਨੇ ਚੰਡੀਗੜ੍ਹ ਦੇ ਸੈਕਟਰ-11 ਸਥਿਤ ਗੁਰਦੁਆਰੇ ‘ਚ ਲਾਵਾਂ ਲਈਆਂ। ਸਵੇਰ ਕਰੀਬ 11 ਵਜੇ ਦੋਵੇਂ ਪਰਿਵਾਰ ਗੁਰਦੁਆਰਾ ਸਾਹਿਬ ਪਹੁੰਚੇ। ਇਸ ਦੌਰਾਨ ਵਿਕਰਮਾਦਿੱਤਿਆ ਨੇ ਸ਼ੇਰਬਾਨੀ ਤੇ ਅਮਰੀਨ ਨੇ ਲਹਿੰਗਾ ਪਾ ਰੱਖਿਆ ਸੀ।
ਗੁਰਦੁਆਰਾ ਸਾਹਿਬ ‘ਚ ਵਿਆਹ ਦੀਆਂ ਰਮਮਾਂ ਬਹੁੱਤ ਹੀ ਸਾਦਗੀ ਨਾਲ ਹੋਈਆਂ। ਇਸ ‘ਚ ਪਰਿਵਾਰ ਤੇ ਹੋਰ ਕਰੀਬੀ ਰਿਸ਼ਤੇਦਾਰ ਹੀ ਸ਼ਾਮਲ ਹੋਏ। ਇਸ ਤੋਂ ਬਾਅਦ ਲਲਿਤ ਹੋਟਲ ‘ਚ ਦਾਵਤ ਦਾ ਪ੍ਰਗਰਾਮ ਰੱਖਿਆ ਗਿਆ। ਵਿਆਹ ਤੋਂ ਬਾਅਦ, 24 ਸਤੰਬਰ ਨੂੰ ਸ਼ਿਮਲਾ ਦੇ ਹੋਟਲ ਮਰੀਨਾ ‘ਚ ਇੱਕ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ ਹੈ, ਜਿਸ ‘ਚ ਸਿਰਫ ਕੁਝ ਨਜ਼ਦੀਕੀ ਰਿਸ਼ਤੇਦਾਰ ਹੀ ਸ਼ਾਮਲ ਹੋਣਗੇ।
ਕੌਣ ਹੈ ਅਮਰੀਨ ਕੌਰ?
ਅਮਰੀਨ ਇੱਕ ਪ੍ਰੋਫੈਸਰ ਹੈ। ਉਸ ਕੋਲ ਅੰਗਰੇਜ਼ੀ ਤੇ ਮਨੋਵਿਗਿਆਨ ‘ਚ ਡਬਲ ਮਾਸਟਰ ਡਿਗਰੀ ਹੈ। ਉਸ ਕੋਲ ਮਨੋਵਿਗਿਆਨ ‘ਚ ਪੀਐਚਡੀ ਵੀ ਹੈ। ਅਮਰੀਨ ਪੰਜਾਬ ਯੂਨੀਵਰਸਿਟੀ ‘ਚ ਸਹਾਇਕ ਪ੍ਰੋਫੈਸਰ ਹੈ। ਅਮਰੀਨ ਇੱਕ ਸਿੱਖ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਜੋਤਿੰਦਰ ਸਿੰਘ ਸੇਖੋ ਹੈ ਤੇ ਉਨ੍ਹਾਂ ਦੀ ਮਾਂ ਦਾ ਨਾਮ ਓਪਿੰਦਰ ਕੌਰ ਹੈ। ਅਮਰੀਨ ਨੇ ਹਾਰਵਰਡ ਯੂਨੀਵਰਸਿਟੀ ਤੋਂ ਵੀ ਪੜ੍ਹਾਈ ਕੀਤੀ ਹੈ।
ਵਿਕਰਮਾਦਿੱਤਿਆ ਦੀ ਰਾਜਨੀਤਿਕ ਯਾਤਰਾ
ਵਿਕਰਮਾਦਿੱਤਿਆ ਸਿੰਘ ਦਾ ਜਨਮ 17 ਅਕਤੂਬਰ, 1989 ਨੂੰ ਹੋਇਆ ਸੀ। ਉਹ ਆਪਣੇ ਪਿਤਾ ਵੀਰਭੱਦਰ ਸਿੰਘ ਦੀ ਰਾਜਨੀਤਿਕ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਉਹ ਕਾਂਗਰਸ ਪਾਰਟੀ ਦੇ ਪ੍ਰਮੁੱਖ ਨੇਤਾਵਾਂ ‘ਚੋਂ ਇੱਕ ਹਨ। ਉਹ ਵਰਤਮਾਨ ‘ਚ ਸ਼ਿਮਲਾ ਪੇਂਡੂ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਕੋਲ ਕੈਬਨਿਟ ‘ਚ ਲੋਕ ਨਿਰਮਾਣ ਤੇ ਸ਼ਹਿਰੀ ਵਿਕਾਸ ਦਾ ਪੋਰਟਫੋਲੀਓ ਹੈ। 2024 ‘ਚ, ਉਨ੍ਹਾਂ ਨੇ ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਨੂੰ ਚੁਣੌਤੀ ਦਿੰਦੇ ਹੋਏ ਮੰਡੀ ਲੋਕ ਸਭਾ ਸੀਟ ਤੋਂ ਚੋਣ ਲੜੀ, ਪਰ ਹਾਰ ਗਏ।
ਵਿਕਰਮਾਦਿੱਤਿਆ ਸਿੰਘ ਦਾ ਪਹਿਲਾ ਵਿਆਹ
ਵਿਕਰਮਾਦਿੱਤਿਆ ਸਿੰਘ ਦਾ ਪਹਿਲਾ ਵਿਆਹ 2019 ‘ਚ ਰਾਜਸਥਾਨ ਦੇ ਅਮੇਤ ਦੀ ਰਾਜਕੁਮਾਰੀ ਸੁਦਰਸ਼ਨਾ ਚੁੰਡਾਵਤ ਨਾਲ ਹੋਇਆ ਸੀ। ਹਾਲਾਂਕਿ, ਘਰੇਲੂ ਮਤਭੇਦਾਂ ਕਾਰਨ, ਇਹ ਰਿਸ਼ਤਾ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ ਤੇ ਉਨ੍ਹਾਂ ਦਾ ਨਵੰਬਰ 2024 ‘ਚ ਤਲਾਕ ਹੋ ਗਿਆ। ਉਦੋਂ ਹੀ ਉਨ੍ਹਾਂ ਨੇ ਅਮਰੀਨ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਰਾਜਨੀਤੀ ਤੋਂ ਇਲਾਵਾ, ਵਿਕਰਮਾਦਿੱਤਿਆ ਖੇਡਾਂ ‘ਚ ਵੀ ਦਿਲਚਸਪੀ ਰੱਖਦੇ ਹਨ। ਉਹ ਇੱਕ ਰਾਸ਼ਟਰੀ ਪੱਧਰ ਦੇ ਟ੍ਰੈਪ ਸ਼ੂਟਰ ਸੀ ਤੇ 2007 ‘ਚ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਆਪਣੀ ਪੜ੍ਹਾਈ ਬਿਸ਼ਪ ਸਕੂਲ, ਸ਼ਿਮਲਾ ਤੇ ਹੰਸਰਾਜ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਪੂਰੀ ਕੀਤੀ।



