ਕਾਂਗਰਸ ਨੇ ਬੁਧਵਾਰ ਨੂੰ ਸਰਕਾਰ ਉਤੇ ਤਿੱਖਾ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਉਸ ਨੇ ਭਾਰਤ ਦੀ ਵਿਦੇਸ਼ ਨੀਤੀ ਦਾ ‘ਪਤਨ’ ਕਰ ਦਿਤਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਹਗਲੋਮੇਸੀ’ ਉਲਟੀ ਪੈ ਗਈ ਹੈ। ਪਾਰਟੀ ਨੇ ਕਿਹਾ ਕਿ ਦੇਸ਼ ਕੂਟਨੀਤਕ ਤੌਰ ਉਤੇ ਅਲੱਗ-ਥਲੱਗ ਹੋ ਗਿਆ ਹੈ ਅਤੇ ਅਪਣੇ ਕੌਮੀ ਹਿੱਤਾਂ ਦੀ ਰਾਖੀ ਕਰਨ ਵਿਚ ਅਸਮਰੱਥ ਹੈ।
ਇਹ ਦਾਅਵਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਪ੍ਰਧਾਨਗੀ ਹੇਠ ਹੋਈ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਿਊ.ਸੀ.) ਦੀ ਬੈਠਕ ’ਚ ਪਾਸ ਕੀਤੇ ਗਏ ਸਿਆਸੀ ਮਤੇ ’ਚ ਕੀਤਾ ਗਿਆ ਜਿਸ ਵਿਚ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਖਜ਼ਾਨਚੀ ਅਜੇ ਮਾਕੇਨ, ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਜੈਰਾਮ ਰਮੇਸ਼ ਅਤੇ ਸਚਿਨ ਪਾਇਲਟ ਅਤੇ ਬਿਹਾਰ ਕਾਂਗਰਸ ਦੇ ਪ੍ਰਧਾਨ ਰਾਜੇਸ਼ ਕੁਮਾਰ ਸਮੇਤ ਹੋਰ ਲੋਕ ਸ਼ਾਮਲ ਹੋਏ।
ਮਤੇ ’ਚ ਸੀ.ਡਬਲਿਊ.ਸੀ. ਨੇ ਕਿਹਾ ਕਿ ਉਹ ਭਾਰਤ ਦੀ ਵਿਦੇਸ਼ ਨੀਤੀ ਦੇ ਢਹਿ-ਢੇਰੀ ਹੋਣ ਤੋਂ ਬਹੁਤ ਚਿੰਤਤ ਹੈ। ਮਤੇ ਅਨੁਸਾਰ, ‘‘ਆਜ਼ਾਦੀ ਤੋਂ ਬਾਅਦ ਦੀਆਂ ਸਰਕਾਰਾਂ ਨੇ ਸਾਡੇ ਦੇਸ਼ ਦੀ ਰਣਨੀਤਕ ਖੁਦਮੁਖਤਿਆਰੀ ਦੀ ਨੇੜਿਓਂ ਰਾਖੀ ਕੀਤੀ ਹੈ, ਜਿਸ ਨੂੰ ਹੁਣ ਬਰਬਾਦ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਕਦੇ ਅਮਰੀਕਾ ਨੂੰ ਖੁਸ਼ ਕਰਨ ਵਲ ਅਤੇ ਕਦੇ ਚੀਨ ਵਲ ਝੁਕ ਰਹੀ ਹੈ।’’
ਕਾਂਗਰਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਗਾਤਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਮਈ 2025 ’ਚ ਅਚਾਨਕ ਆਪ੍ਰੇਸ਼ਨ ਸੰਧੂਰ ਨੂੰ ਰੋਕਣ ਲਈ ਭਾਰਤ ਨੂੰ ਮਜਬੂਰ ਕਰਨ ਲਈ ਅਮਰੀਕਾ ਨਾਲ ਵਪਾਰ ਨੂੰ ਸੌਦੇਬਾਜ਼ੀ ਲਈ ਵਰਤਿਆ ਹੈ। ਕਾਂਗਰਸ ਨੇ ਕਿਹਾ ਕਿ ਇਸ ਦਾਅਵੇ ਨੂੰ ਮੋਦੀ ਸਰਕਾਰ ਇਮਾਨਦਾਰੀ ਨਾਲ ਕਦੇ ਰੱਦ ਨਹੀਂ ਕੀਤਾ। ਸੀ.ਡਬਲਿਊ.ਸੀ. ਦੇ ਮਤੇ ’ਚ ਕਿਹਾ ਗਿਆ ਹੈ ਕਿ ਸੌਦੇਬਾਜ਼ੀ ਦੇ ਬਾਵਜੂਦ ਟਰੰਪ ਨੇ ਅਮਰੀਕਾ ਨੂੰ ਭਾਰਤੀ ਨਿਰਯਾਤ ਉਤੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ।
ਮਤੇ ਵਿਚ ਕਿਹਾ ਗਿਆ, ‘‘ਸਰਕਾਰ ਨੇ ਸੈਂਕੜੇ ਭਾਰਤੀਆਂ ਨੂੰ ਬੇਇੱਜ਼ਤ ਕਰਨ ਦੀ ਇਜਾਜ਼ਤ ਦਿਤੀ ਜਦੋਂ ਉਨ੍ਹਾਂ ਨੂੰ ਹੱਥਕੜੀ ਲਗਾ ਦਿਤੀ ਗਈ, ਫੌਜੀ ਜਹਾਜ਼ਾਂ ’ਚ ਬਿਠਾਇਆ ਗਿਆ ਸੀ ਅਤੇ ਅਮਰੀਕਾ ਨੇ ਉਨ੍ਹਾਂ ਨੂੰ ਭਾਰਤ ਵਾਪਸ ਭੇਜ ਦਿਤਾ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਰਾਸ਼ਟਰਪਤੀ ਟਰੰਪ ਨੇ ਗੂਗਲ, ਮਾਈਕ੍ਰੋਸਾੱਫਟ ਅਤੇ ਐਪਲ ਵਰਗੀਆਂ ਅਮਰੀਕੀ ਟੈਕਨਾਲੋਜੀ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤੀਆਂ ਨੂੰ ਨੌਕਰੀ ਉਤੇ ਰਖਣਾ ਬੰਦ ਕਰਨ।’’
ਸੀ.ਡਬਲਿਊ.ਸੀ. ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੀ ਐੱਚ-1ਬੀ ਵੀਜ਼ਾ ਨੀਤੀ ’ਚ ਬਦਲਾਅ ਕਾਰਨ ਅਮਰੀਕਾ ’ਚ ਲੱਖਾਂ ਭਾਰਤੀ ਨਾਗਰਿਕਾਂ ਦਾ ਭਵਿੱਖ ਖ਼ਤਰੇ ’ਚ ਪੈ ਰਿਹਾ ਹੈ। ਮਤੇ ’ਚ ਕਿਹਾ ਗਿਆ ਹੈ ਕਿ ਬੀਜਿੰਗ ਵਲ ਅਪਣੇ ਹਾਲ ਹੀ ਦੇ ਪ੍ਰਤੀਕ੍ਰਿਆਵਾਦੀ ਝੁਕਾਅ ਨਾਲ ਇਸ ਸੰਕਟ ਨੂੰ ਹੱਲ ਕਰਨ ਦੀ ਸਰਕਾਰ ਦੀ ਕੋਸ਼ਿਸ਼ ‘ਬਿਮਾਰੀ ਤੋਂ ਵੀ ਭੈੜਾ ਇਲਾਜ’ ਹੈ। ਪਾਰਟੀ ਨੇ ਕਿਹਾ ਕਿ ਚੀਨ ਸਾਡੀ ਖੇਤਰੀ ਅਖੰਡਤਾ, ਕੌਮੀ ਸੁਰੱਖਿਆ ਅਤੇ ਆਰਥਕ ਖੁਸ਼ਹਾਲੀ ਲਈ ਵੱਡਾ ਖ਼ਤਰਾ ਹੈ।
ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਪ੍ਰਧਾਨ ਮੰਤਰੀ ਮੋਦੀ ਉਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਸੀ ਕਿ ਜਿਨ੍ਹਾਂ ਦੋਸਤਾਂ ਨੂੰ ਉਹ ‘ਮੇਰੇ ਦੋਸਤ’ ਕਹਿੰਦੇ ਹਨ, ਉਹ ਅੱਜ ਭਾਰਤ ਨੂੰ ਕਈ ਮੁਸੀਬਤਾਂ ’ਚ ਪਾ ਰਹੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕਰਦਿਆਂ ਕਿਹਾ ਕਿ ਵਿਦੇਸ਼ ਨੀਤੀ ਨਿੱਜੀ ਦੋਸਤੀ ਦੇ ਆਧਾਰ ਉਤੇ ਨਹੀਂ ਚਲਾਈ ਜਾਂਦੀ। ਸੂਤਰਾਂ ਮੁਤਾਬਕ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਟਰੰਪ ਦੇ ਸਾਹਮਣੇ ਖੜਾ ਹੋਣਾ ਚਾਹੀਦਾ ਹੈ ਅਤੇ ਭਾਰਤ ਦੇ ਕੌਮੀ ਹਿੱਤਾਂ ਨੂੰ ਸੱਭ ਤੋਂ ਅੱਗੇ ਰਖਣਾ ਚਾਹੀਦਾ ਹੈ।



