ਦੇਸ਼ ਦੀਆਂ ਕੌਮਾਂਤਰੀ ਸਰਹੱਦਾਂ ’ਤੇ ‘ਫਸਟ ਲਾਈਨ ਆਫ ਡਿਫੈਂਸ ’ ਵਜੋਂ ਡਿਊਟੀ ਕਰਦੀ ‘ਸਰਹੱਦੀ ਸੁਰੱਖਿਆ ਬਲ’ (BSF) ਵੱਲੋਂ ਹੜ੍ਹ ਪ੍ਰਭਾਵਿਤ ਸਰਹੱਦੀ ਖੇਤਰਾਂ ਵਿੱਚ ਲਗਾਤਾਰ ਰਾਹਤ ਕਾਰਜ ਚਲਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ, ਬੀਐੱਸਐੱਫ ਵੱਲੋਂ ਜਿਥੇ ਸਰਹੱਦਾਂ ’ਤੇ ਡਿਊਟੀ ਕੀਤੀ ਜਾ ਰਹੀ ਹੈ,ਉਥੇ ਰਾਹਤ ,ਰੈਸਕਿਊ ਅਤੇ ਸਿਹਤ ਸਹਲੂਤਾਂ ਵੀ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਬੀਐੱਸਐੱਫ ਵੱਲੋਂ ਹੁਣ ਤੱਕ 1900 ਨਾਗਰਿਕਾਂ ਨੂੰ ਪਾਣੀ ਤੋਂ ਰੈਸਕਿਊ ਕੀਤਾ ਗਿਆ ਹੈ ਤਾਂ ਸੀਨੀਅਰ ਮੈਡੀਕਲ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੜ੍ਹ ਪ੍ਰਭਾਵਿਤ ਵੱਖ-ਵੱਖ ਪਿੰਡਾਂ ਵਿੱਚ ਲਗਾਏ ਮੁਫਤ ਮੈਡੀਕਲ ਕੈਂਪਾਂ ਜ਼ਰੀਏ ਹੁਣ ਤੱਕ ਸਰਹੱਦੀ ਪਿੰਡਾਂ ਦੇ ਲਗਪਗ 2200 ਵਸਨੀਕਾਂ ਨੂੰ ਡਾਕਟਰੀ ਸਲਾਹ ਅਤੇ ਜ਼ਰੂਰੀ ਦਵਾਈਆਂ ਦੇ ਕੇ ਇਲਾਜ਼ ਕੀਤਾ ਜਾ ਚੁੱਕਾ ਹੈ।
ਇਥੇ ਸੱਭ ਤੋਂ ਵਿਲੱਖਣ ਪਹਿਲੂ ਇਹ ਹੈ ਕਿ ਜਿੱਥੇ ਪਿੰਡ ਵਾਸੀਆਂ ਲਈ ਮੈਡੀਕਲ ਕੈਂਪਾਂ ਤੱਕ ਪਹੁੰਚਣਾ ਸੰਭਵ ਨਹੀਂ ਹੈ, ਉੱਥੇ ਬੀਐਸਐਫ ਦੀਆਂ ਮੈਡੀਕਲ ਟੀਮਾਂ ਕਿਸ਼ਤੀਆਂ ਦੀ ਮਦਦ ਨਾਲ ਘਰ-ਘਰ ਜਾ ਰਹੀਆਂ ਹਨ ਅਤੇ ਲੋਕਾਂ ਦੀ ਸਿਹਤ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਦਵਾਈਆਂ ਦੇ ਰਹੀਆਂ ਹਨ। ਇਸ ਲੜੀ ਤਹਿਤ ਸੋਮਵਾਰ 08 ਸਤੰਬਰ 2025 ਨੂੰ ਲੱਖਾ ਸਿੰਘ ਵਾਲਾ ਅਤੇ ਹਬੀਬਵਾਲਾ ਪਿੰਡਾਂ ਵਿੱਚ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਗਏ, ਜਿਸ ਵਿੱਚ ਹੜ੍ਹ ਪ੍ਰਭਾਵਿਤ ਦੋਵਾਂ ਪਿੰਡਾਂ ਦੇ ਲਗਪਗ 700 ਪਿੰਡ ਵਾਸੀਆਂ ਨੂੰ ਡਾਕਟਰੀ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।ਇਸ ਸਬੰਧੀ ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਬੀਐੱਸਐੱਫ ਇਹ ਯਕੀਨੀ ਬਣਾ ਰਿਹਾ ਹੈ ਕਿ ਕੋਈ ਵੀ ਹੜ੍ਹ ਪ੍ਰਭਾਵਿਤ ਪਿੰਡ ਡਾਕਟਰੀ ਸਹੂਲਤਾਂ ਤੋਂ ਵਾਂਝਾ ਨਾ ਰਹੇ।
ਇਸ ਤੋਂ ਇਲਾਵਾ ਸੀਮਾ ਸੁਰੱਖਿਆ ਬਲ, ਜ਼ਿਲ੍ਹਾ ਪ੍ਰਸ਼ਾਸਨ, ਐਨਡੀਆਰਐਫ ਅਤੇ ਬੀਐਸਐਫ ਦੇ ਵਾਟਰ ਵਿੰਗ ਦੇ ਸਹਿਯੋਗ ਨਾਲ, ਡੁੱਬੇ ਪਿੰਡਾਂ ਤੋਂ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਕੱਢਣ ਦਾ ਕੰਮ ਵੀ ਲਗਾਤਾਰ ਜਾਰੀ ਹੈ।ਇਸ ਤੋਂ ਇਲਾਵਾ, ਬੀਐਸਐਫ ਦੇ ਜਵਾਨ ਹੜ੍ਹਾਂ ਨਾਲ ਨੁਕਸਾਨੇ ਗਏ ‘ਹੜ੍ਹ ਵਿਰੋਧੀ ਬੰਨ੍ਹਾਂ’ ਦੀ ਮੁਰੰਮਤ ਅਤੇ ਰੱਖ-ਰਖਾਅ ਵੀ ਰੇਤ ਦੀਆਂ ਬੋਰੀਆਂ ਰਾਹੀਂ ਸਰਗਰਮੀ ਨਾਲ ਕਰ ਰਹੇ ਹਨ ਅਤੇ ਇਨ੍ਹਾਂ ਬੰਨ੍ਹਾਂ ਦੀ ਸੁਰੱਖਿਆ ਲਈ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
1900 ਨਾਗਰਿਕਾਂ ਨੂੰ ਪਾਣੀ ਤੋਂ ਕੀਤਾ ਰੈਸਕਿਊ
ਬੀਐੱਸਐੱਫ ਦੇ ਜਵਾਨ ਕਿਸ਼ਤੀਆਂ ਰਾਹੀਂ ਉਨ੍ਹਾਂ ਪਿੰਡਾਂ ਤੱਕ ਵੀ ਲਗਾਤਾਰ ਪਹੁੰਚ ਰਹੇ ਹਨ, ਜਿੱਥੇ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਹੈ। 27 ਅਗਸਤ 2025 ਤੋਂ ਇਨ੍ਹਾਂ ਪਿੰਡਾਂ ਵਿਚ ਲਗਾਤਾਰ ਚਲਾਏ ਜਾ ਰਹੇ ਬਚਾਅ ਕਾਰਜ ਦੇ ਤਹਿਤ ਬੀਐਸਐਫ ਵੱਲੋਂ ਹੁਣ ਤੱਕ ਲਗਪਗ 1900 ਨਾਗਰਿਕਾਂ ਨੂੰ ਸਫਲਤਾਪੂਰਵਕ ਬਚਾਇਆ ਗਿਆ ਹੈ। ਸੋਮਵਾਰ 8 ਸਤੰਬਰ ਨੂੰ ਵੀ ਬੀਐਸਐਫ ਵੱਲੋਂ ਧੀਰਾ ਘਾਰਾ , ਨਿਹਾਲਾ ਲਵੇਰਾ ਅਤੇ ਟੱਲੀ ਗੁਲਾਮ ਪਿੰਡਾਂ ਤੋਂ 27 ਪਿੰਡ ਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਇਸ ਦੇ ਨਾਲ ਹੀ, ਐਨਜੀੳਜ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਖਾਣ-ਪੀਣ ਦੀਆਂ ਚੀਜ਼ਾਂ, ਪੀਣ ਵਾਲਾ ਸਾਫ਼ ਪਾਣੀ, ਜਾਨਵਰਾਂ ਦਾ ਚਾਰਾ ਆਦਿ ਵੀ ਪ੍ਰਭਾਵਿਤ ਖੇਤਰਾਂ ਵਿੱਚ ਵੰਡਿਆ ਜਾ ਰਿਹਾ ਹੈ, ਤਾਂ ਜੋ ਲੋੜਵੰਦਾਂ ਨੂੰ ਹਰ ਜ਼ਰੂਰੀ ਮਦਦ ਪ੍ਰਦਾਨ ਕੀਤੀ ਜਾ ਸਕੇ।



