ਐੱਸਐੱਸਪੀ ਨੂੰ ਮਿਲ ਕੇ ਹਿਮਾਂਸ਼ੂ ਖ਼ਿਲਾਫ਼ ਦਰਜ ਮਾਮਲੇ ਨੂੰ ਰੱਦ ਕਰਨ ਦੀ ਮੰਗ ਸੰਵਾਦ ਸਹਿਯੋਗੀ, ਜਾਗਰਣ, ਜਗਰਾਓਂ : ਪਿਛਲੇ ਦਿਨੀਂ ਨਗਰ ਕੌਂਸਲ ਦੇ ਸਦਨ ’ਚ ਹੋਈ ਬੈਠਕ ਦੌਰਾਨ ਕੌਂਸਲਰ ਹਿਮਾਂਸ਼ੂ ਮਲਿਕ ਤੇ ਸਤੀਸ਼ ਪੱਪੂ ਵਿਚਾਲੇ ਹੋਈ ਹੱਥੋਪਾਈ ਤੇ ਸ਼ਬਦੀ ਜੰਗ ਨੂੰ ਪੁਲਿਸ ਵੱਲੋਂ ਸਿਆਸੀ ਦਬਾਅ ’ਚ ਹਿਮਾਂਸ਼ੂ ਮਲਿਕ ਖ਼ਿਲਾਫ਼ ਇਕਪਾਸੜ ਮਾਮਲਾ ਦਰਜ ਕਰਨ ਦੇ ਮਾਮਲੇ ’ਚ ਸੋਮਵਾਰ ਨੂੰ ਪ੍ਰਧਾਨ ਸਤਿੰਦਰਪਾਲ ਸਿੰਘ ਸਿੱਧੂ ਐਡਵੋਕੇਟ ਦੀ ਪ੍ਰਧਾਨਗੀ ’ਚ ਬਾਰ ਕੌਂਸਲ ਦੀ ਬੈਠਕ ਹੋਈ। ਇਸ ਬੈਠਕ ’ਚ ਸਰਬਸੰਮਤੀ ਨਾਲ ਤਜਵੀਜ਼ ਪਾਸ ਕੀਤੀ ਗਈ ਕਿ ਬਾਰ ਮੈਂਬਰ ਐਡਵੋਕੇਟ ਹਿਮਾਂਸ਼ੂ ਮਲਿਕ ਖ਼ਿਲਾਫ਼ ਦਰਜ ਕੀਤੀ ਗਈ ਝੂਠੀ ਐੱਫਆਈਆਰ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ ਤੇ ਉਨ੍ਹਾਂ ਨੂੰ ਝੂਠੇ ਤੌਰ ਮਾਮਲੇ ’ਚ ਫਸਾਇਆ ਗਿਆ ਹੈ।
ਜਗਰਾਓਂ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਪੁਲਿਸ ਦੀ ਇਸ ਸਿਆਸੀ ਕਾਰਵਾਈ ਦੀ ਨਿੰਦਾ ਕਰਦੇ ਹਨ। ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਐੱਸਐੱਸਪੀ ਜਗਰਾਓਂ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਨ ਤੇ ਇਸ ਝੂਠੀ ਐੱਫਆਈਆਰ ਨੂੰ ਰੱਦ ਕਰਨ ਦੀ ਅਪੀਲ ਕੀਤੀ ਜਾਵੇ। ਜਗਰਾਓਂ ਬਾਰ ਐਸੋਸੀਏਸ਼ਨ ਹਿਮਾਂਸ਼ੂ ਮਲਿਕ ਦੀ ਹਮਾਇਤ ’ਚ ਹੜਤਾਲ ’ਤੇ ਰਹੀ। ਜੇ ਪੁਲਿਸ ਨੇ ਢੁੱਕਵੇਂ ਸਮੇਂ ’ਚ ਝੂਠੀ ਐੱਫਆਈਆਰ ਨੂੰ ਰੱਦ ਨਹੀਂ ਕੀਤੀ ਤਾਂ ਜਗਰਾਓਂ ਬਾਰ ਐਸੋਸੀਏਸ਼ਨ ਪੰਜਾਬ ਤੇ ਚੰਡੀਗੜ੍ਹ ਬਾਰ ਐਸੋਸੀਏਸ਼ਨ ਦੇ ਨਾਲ ਰਲ ਕੇ ਵੱਡਾ ਸੰਘਰਸ਼ ਵਿੱਢੇਗੀ।
ਬਾਰ ਕੌਂਸਲ ਨੇ ਐੱਸਐੱਸਪੀ ਨਾਲ ਕੀਤੀ ਮੁਲਾਕਾਤ ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਸਿੱਧੂ ਐਡਵੋਕੇਟ ਦੇ ਅਗਵਾਈ ’ਚ ਬਾਰ ਐਸੋਸੀਏਸ਼ਨ ਦੇ ਲਗਪਗ 50 ਮੈਂਬਰਾਂ ਨੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ 30.7.2025 ਨੂੰ ਨਗਰ ਕੌਂਸਲ ਦੇ ਸਦਨ ’ਚ ਹੋਈ ਘਟਨਾ ਸਿਰਫ ਸਿਆਸੀ ਸੀ। ਇਸ ਵਿਚ ਦੋਵੇਂ ਧਿਰਾਂ ਸਾਫ਼ ਤੌਰ ’ਤੇ ਸ਼ਾਮਲ ਸਨ। ਜਦਕਿ ਹਿਮਾਂਸ਼ੂ ’ਤੇ ਜਾਤੀ-ਆਧਾਰਿਤ ਟਿੱਪਣੀ ਦੇ ਬੇਬੁਨਿਆਦੀ ਦੋਸ਼ ਵੀ ਲਾਏ ਗਏ ਸਨ, ਜੋ ਪੁਲਿਸ ਦੀ ਜਾਂਚ ’ਚ ਸਾਬਤ ਨਹੀਂ ਹੋਏ। ਜਾਂਚ ਅਧਿਕਾਰੀ ਨੇ ਰਿਪੋਰਟ ਵਿਚ ਦੋਵਾਂ ਧਿਰਾਂ ਖ਼ਿਲਾਫ਼ ਧਾਰਾ 107/51 ਸੀ ਆਰਪੀਸੀ ਤਹਿਤ ਕਾਰਵਾਈ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਸੀ ਪਰ ਇਸ ਦੇ ਬਾਵਜੂਦ ਪੁਲਿਸ ਨੇ ਸਿਰਫ ਹਿਮਾਂਸ਼ੂ ਖ਼ਿਲਾਫ਼ ਮਾਮਲਾ ਦਰਜ ਕੀਤਾ, ਜਦਕਿ ਹਿਮਾਂਸ਼ੂ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਡੀਐੱਸਪੀ ਦੀ ਰਿਪੋਰਟ ਤੇ ਰਿਕਾਰਡ ’ਚ ਮੌਜੂਦ ਦਸਤਾਵੇਜ਼ਾਂ ਤੋਂ ਸਾਫ਼ ਹੈ ਕਿ ਜਾਂ ਤਾਂ ਐੱਫਆਈਆਰ ਤੁਰੰਤ ਰੱਦ ਕੀਤੀ ਜਾਵੇ ਜਾਂ ਫਿਰ ਸਤੀਸ਼ ਕੁਮਾਰ ਪੱਪੂ ਤੇ ਹੋਰਨਾਂ ਖ਼ਿਲਾਫ਼ ਬਰਾਬਰ ਧਾਰਾਵਾਂ ਤਹਿਤ ਕ੍ਰਾਸ ਪਰਚਾ ਦਰਜ ਕੀਤਾ ਜਾਵੇ। ਵਫਦ ਨੇ ਕਿਹਾ ਕਿ ਜਗਰਾਓਂ ਬਾਰ ਐਸੋਸੀਏਸ਼ਨ ਇਸ ਨੂੰ ਮੰਦਭਾਗੀ ਕਾਰਵਾਈ ਦੀ ਸਖ਼ਤ ਨਿੰਦਾ ਕਰਦੀ ਹੈ। ਇਸ ਮੌਕੇ ਕਿਹਾ ਗਿਆ ਕਿ ਜਦੋਂ ਤੱਕ ਫੌਰੀ ਹਾਂ-ਪੱਖੀ ਕਦਮ ਨਹੀਂ ਉਠਾਏ ਜਾਂਦੇ, ਬਾਰ ਐਸੋਸੀਏਸ਼ਨ ਦੀ ਹੜਤਾਲ ਜਾਰੀ ਰਹੇਗੀ। ਬਾਰ ਐਸੋਸੀਏਸ਼ਨ ਦੀ ਮੰਗ ਹੈ ਕਿ ਐਡਵੋਕੇਟ ਤੇ ਕੌਂਸਲਰ ਹਿਮਾਂਸ਼ੂ ਮਲਿਕ ਖ਼ਿਲਾਫ਼ ਦਰਜ ਕੀਤੀ ਐੱਫਆਈਆਰ ਤੁਰੰਤ ਰੱਦ ਕੀਤੀ ਜਾਵੇ ਜਾਂ ਦੂਜੀ ਧਿਰ ਖ਼ਿਲਾਫ਼ ਵੀ ਕ੍ਰਾਸ ਪਰਚਾ ਦਰਜ ਕੀਤਾ ਜਾਵੇ। ਜੇ ਪੁਲਿਸ ਅਗਲੇ 48 ਘੰਟਿਆਂ ’ਚ ਕੋਈ ਕਾਰਵਾਈ ਨਹੀਂ ਕਰਦੀ ਤਾਂ ਜਗਰਾਓਂ ਬਾਰ ਐਸੋਸੀਏਸ਼ਨ ਸੂਬਾ ਪੱਧਰੀ ਹੜਤਾਲ ਦਾ ਸੱਦਾ ਦੇ ਕੇ ਮਾਮਲੇ ਨੂੰ ਅੱਗੇ ਵਧਾਉਣ ’ਤੇ ਮਜਬੂਰ ਹੋਵੇਗੀ।
ਝੂਠੀ ਗਵਾਹੀ ਦੇਣ ਵਾਲਿਆਂ ਖ਼ਿਲਾਫ਼ ਹੋਵੇ ਕਾਰਵਾਈ ਇਸ ਮੌਕੇ ਕੌਂਸਲਰ ਹਿਮਾਂਸ਼ੂ ਮਲਿਕ ਨੇ ਕਿਹਾ ਕਿ ਕੌਂਸਲਰ ਸਤੀਸ਼ ਪੱਪੂ ਨੇ ਨਗਰ ਕੌਂਸਲ ਦੇ ਸਦਨ ’ਚ ਹੋਈ ਬੈਠਕ ਦੌਰਾਨ ਹੋਏ ਵਿਵਾਦ ਮੌਕੇ ਉਨ੍ਹਾਂ ਤੇ ਜਾਤੀਸੂਚਕ ਸ਼ਬਦ ਵਰਤਣ ਦਾ ਦੋਸ਼ ਲਾਇਆ ਸੀ ਤੇ ਇਸ ਸਬਧੀ ਕੁਝ ਕੌਂਸਲਰਾਂ ਤੇ ਹੋਰ ਲੋਕਾਂ ਨੇ ਵੀ ਝੂਠੀ ਗਵਾਹੀ ਦਿੱਤੀ ਸੀ। ਜਦਕਿ ਅਜਿਹਾ ਕੁਝ ਨਹੀਂ ਵਾਪਰਿਆ ਤੇ ਪੁਲਿਸ ਨੇ ਵੀ ਜਾਂਚ ਰਿਪੋਰਟ ’ਚ ਜਾਤੀਸੂਚਕ ਸ਼ਬਦ ਵਰਤਣ ਸ਼ਿਕਾਇਤ ਨੂੰ ਝੂਠਾ ਦੱਸਿਆ ਹੈ। ਇਸ ਲਈ ਉਨ੍ਹਾਂ ਖ਼ਿਲਾਫ਼ ਝੂਠੀ ਗਵਾਹੀ ਦੇ ਕੇ ਐੱਸਸੀ/ਐੱਸਟੀ ਐਕਟ ਤਹਿਤ ਕਾਰਵਾਈ ਕਰਵਾਉਣ ਦੀ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।



