ਤਖਤ ਸ਼੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਬਿਹਾਰ ਸਰਕਾਰ ਦੇ ਸਹਿਯੋਗ ਨਾਲ 17 ਸਤੰਬਰ ਨੂੰ ਗੁਰਦੁਆਰਾ ਗੁਰੂ ਕਾ ਬਾਗ ਤੋਂ ਜਾਗਰਤੀ ਯਾਤਰਾ ਸ਼ੁਰੂ ਹੋਈ ਸੀ ਜੋ ਅੱਜ ਕੋਲਕਾਤਾ ਪਹੁੰਚ ਗਈ ਹੈ। ਸੰਗਤ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਯਾਤਰਾ ਦਾ ਸਵਾਗਤ ਕਰ ਰਹੀ ਹੈ। ਤਖਤ ਪਟਨਾ ਸਾਹਿਬ ਕਮੇਟੀ ਦੇ ਮਹਾਸਚਿਵ ਇੰਦਰਜੀਤ ਸਿੰਘ, ਪ੍ਰਵਕਤਾ ਹਰਪਾਲ ਸਿੰਘ ਜੋਹਲ ਅਤੇ ਮੈਨੇਜਰ ਹਰਜੀਤ ਸਿੰਘ ਯਾਤਰਾ ਨਾਲ ਸਾਥੀ ਵਜੋਂ ਯਾਤਰੀ ਸੰਗਤ ਨੂੰ ਮਾਰਗਦਰਸ਼ਨ ਦੇ ਰਹੇ ਹਨ। ਯਾਤਰਾ ਦੇ ਕੋਲਕਾਤਾ ਪਹੁੰਚਣ ‘ਤੇ ਤਖਤ ਪਟਨਾ ਸਾਹਿਬ ਦੇ ਐਸੋਸੀਏਟ ਮੈਂਬਰ ਜਸਬੀਰ ਸਿੰਘ ਧਾਮ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਤਖਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਜਾਗਰਤੀ ਯਾਤਰਾ ਨੂੰ ਲੈ ਕੇ ਸੰਗਤ ਵਿੱਚ ਖਾਸ ਉਤਸ਼ਾਹ ਹੈ। ਜਿਥੇ-ਜਿਥੇ ਵੀ ਯਾਤਰਾ ਲੰਘ ਰਹੀ ਹੈ, ਲੋਕ ਆਪਣੀ ਵਿਲੱਖਣ ਢੰਗ ਨਾਲ ਯਾਤਰਾ ਦਾ ਸਵਾਗਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਯਾਤਰਾ ਕੋਲਕਾਤਾ ਪਹੁੰਚੀ, ਦੁਨਲੋਪ, ਡਮਡਮ ਆਦਿ ਗੁਰਦੁਆਰਾ ਸਾਹਿਬਾਂ ਵਿੱਚ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸ. ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਯਾਤਰਾ ਦੇ ਪਹੁੰਚਣ ਤੋਂ ਪਹਿਲਾਂ ਹੀ ਸੰਗਤ ਇਕੱਠੀ ਹੋ ਕੇ ਯਾਤਰਾ ਨੂੰ ਲੈਣ ਲਈ ਤਤਪਰ ਰਹਿੰਦੀ ਹੈ।
ਖਾਸ ਕਰਕੇ ਨੌਜਵਾਨ ਵਰਗ ਵੱਡੀ ਗਿਣਤੀ ਵਿੱਚ ਇਸ ਯਾਤਰਾ ਵਿੱਚ ਭਾਗ ਲੈ ਰਹੇ ਹਨ, ਜੋ ਕਿ ਬਾਈਕ ਰੈਲੀਆਂ ਦੇ ਰੂਪ ਵਿੱਚ ਯਾਤਰਾ ਨਾਲ ਜੁੜ ਰਹੇ ਹਨ। ਸ. ਜਗਜੋਤ ਸਿੰਘ ਨੇ ਯਾਤਰਾ ਦੇ ਸਫਲ ਆਯੋਜਨ ਲਈ ਤਖਤ ਪਟਨਾ ਸਾਹਿਬ ਦੀ ਪੂਰੀ ਟੀਮ, ਖ਼ਾਸ ਕਰਕੇ ਜਸਬੀਰ ਸਿੰਘ ਧਾਮ, ਮਾਨਵਿੰਦਰ ਸਿੰਘ ਬੇਣੀਪਾਲ ਅਤੇ ਪੂਰੇ ਸਟਾਫ ਦਾ ਧੰਨਵਾਦ ਕੀਤਾ। ਇਸਦੇ ਨਾਲ-ਨਾਲ ਉਨ੍ਹਾਂ ਉਹਨਾਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ ਅਤੇ ਸੰਗਤ ਦਾ ਵੀ ਆਭਾਰ ਵਿਅਕਤ ਕੀਤਾ ਜਿਨ੍ਹਾਂ ਨੇ ਯਾਤਰਾ ਦੇ ਰਾਸਤੇ ਵਿਚ ਸਟਾਲ ਲਗਾ ਕੇ ਜਾਂ ਹੋਰ ਢੰਗ ਨਾਲ ਸਵਾਗਤ ਕਰਕੇ ਸਹਿਯੋਗ ਦਿੱਤਾ।



