ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮਹਾਨ ਕੋਸ਼ ਦੀਆਂ ਗਲਤੀ ਵਾਲੀਆਂ ਕਾਪੀਆਂ ਨੂੰ ਨਸ਼ਟ ਕਰਨ ਵਾਲੇ ਤਰੀਕੇ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ।
ਇਹ ਮਾਮਲਾ ਹੁਣ ਬੇਅਦਬੀ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ, ਜਿਸ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਸਮੇਤ ਚਾਰ ਅਧਿਕਾਰੀਆਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (ਬੀਐੱਨਐੱਸ) ਦੀ ਧਾਰਾ 298 ਅਧੀਨ ਐੱਫਆਈਆਰ ਦਰਜ ਹੋ ਚੁੱਕੀ ਐ। ਇਹ ਧਾਰਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਮਾਮਲੇ ਵਿੱਚ ਲਾਗੂ ਹੁੰਦੀ ਹੈ, ਜਿਸ ਵਿੱਚ ਦੋ ਸਾਲਾਂ ਤੱਕ ਕੈਦ ਜਾਂ ਜੁਰਮਾਨਾ ਹੋ ਸਕਦਾ ਹੈ। ਪਰ ਇਸ ਸਾਰੇ ਵਿਵਾਦ ਨੇ ਵੱਡੇ ਸਵਾਲ ਖੜ੍ਹੇ ਕੀਤੇ ਨੇ ਕਿ ਕੀ ਮਹਾਨ ਕੋਸ਼ ਨੂੰ ਬੇਅਦਬੀ ਵਾਲਾ ਮਾਮਲਾ ਬਣਾਉਣਾ ਠੀਕ ਹੈ? ਮਸਲਾ ਤਾਂ ਅਸਲ ਵਿੱਚ ਇਸ ਕੋਸ਼ ਦੀ ਮੁੜ-ਛਪਾਈ ਵਿੱਚ ਹੋਈ ਹੇਰਾ-ਫੇਰੀ ਅਤੇ ਗਲਤੀਆਂ ਦਾ ਸੀ, ਉਸ ਉੱਤੇ ਕੇਸ ਕਿਉਂ ਨਹੀਂ ਦਰਜ ਹੋਇਆ? ਕੀ ਮਹਾਨ ਕੋਸ਼ ਨੂੰ ਗੁਰੂ ਗ੍ਰੰਥ ਸਾਹਿਬ ਵਾਂਗ ਪਵਿੱਤਰ ਗ੍ਰੰਥ ਮੰਨ ਕੇ ਧਾਰਮਿਕ ਕੇਸ ਪਾਉਣਾ ਸਹੀ ਐ?
ਇਥੇ ਜ਼ਿਕਰਯੋਗ ਹੈ ਕਿ ਮਹਾਨ ਕੋਸ਼, ਜਿਸ ਨੂੰ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਵੀ ਕਿਹਾ ਜਾਂਦਾ ਐ, ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ 1930 ਵਿੱਚ ਤਿਆਰ ਕੀਤਾ ਸੀ। ਇਹ ਪੰਜਾਬੀ ਭਾਸ਼ਾ ਦਾ ਇੱਕ ਵਿਸ਼ਾਲ ਕੋਸ਼ ਐ, ਜਿਸ ਵਿੱਚ ਲਗਭਗ 80 ਹਜ਼ਾਰ ਸ਼ਬਦਾਂ ਦੇ ਅਰਥ ਅਤੇ ਵਿਆਖਿਆਵਾਂ ਨੇ। ਪੰਜਾਬੀ ਯੂਨੀਵਰਸਿਟੀ ਨੇ ਇਸ ਨੂੰ ਕੁਝ ਸਾਲ ਪਹਿਲਾਂ ਮੁੜ ਛਾਪਿਆ ਸੀ, ਪਰ ਛਪਾਈ ਵਿੱਚ 3 ਹਜ਼ਾਰ ਤੋਂ ਵੱਧ ਗਲਤੀਆਂ ਹੋ ਗਈਆਂ ਸਨ। ਇਹ ਗਲਤੀਆਂ ਅਰਥਾਂ ਨਾਲ ਹੇਰਾ-ਫੇਰੀ ਵਰਗੀਆਂ ਸਨ, ਜਿਸ ਨੇ ਵਿਦਵਾਨਾਂ ਨੂੰ ਨਾਰਾਜ਼ ਕੀਤਾ ਸੀ। ਸਿੱਖ ਵਿਦਵਾਨਾਂ ਜਿਵੇਂ ਡਾ. ਅਮਰਜੀਤ ਸਿੰਘ ਧਵਨ ਨੇ ਇਸ ਨੂੰ ਵਾਪਸ ਲੈਣ ਅਤੇ ਨਸ਼ਟ ਕਰਨ ਦੀ ਮੰਗ ਕੀਤੀ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ, ਅਗਸਤ 2025 ਵਿੱਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੀਟਿੰਗ ਵਿੱਚ ਯੂਨੀਵਰਸਿਟੀ ਨੇ 15 ਦਿਨਾਂ ਵਿੱਚ ਇਹ ਕਾਪੀਆਂ ਨਸ਼ਟ ਕਰਨ ਦਾ ਵਾਅਦਾ ਕੀਤਾ ਸੀ।
ਪਰ ਮਸਲਾ ਉੱਠਿਆ ਉਸ ਵੇਲੇ ਜਦੋਂ 28 ਅਗਸਤ 2025 ਨੂੰ ਯੂਨੀਵਰਸਿਟੀ ਨੇ ਇਹਨਾਂ 15 ਹਜ਼ਾਰ ਤੋਂ ਵੱਧ ਕਾਪੀਆਂ ਨੂੰ ਕੈਂਪਸ ਵਿੱਚ ਟੋਏ ਪੁੱਟ ਕੇ ਉਸ ਵਿੱਚ ਪਾਣੀ ਪਾ ਕੇ ਦੱਬਣ ਦੀ ਕੋਸ਼ਿਸ਼ ਕੀਤੀ ਸੀ। ਵਿਦਿਆਰਥੀ ਆਗੂ ਯਾਦਵਿੰਦਰ ਸਿੰਘ ਯਾਦੂ ਅਤੇ ਕੁਲਦੀਪ ਸਿੰਘ ਝਿੰਜਰ ਨੇ ਇਸ ਨੂੰ ਬੇਅਦਬੀ ਕਰਾਰ ਦਿੱਤਾ ਕਿਉਂਕਿ ਮਹਾਨ ਕੋਸ਼ ਵਿੱਚ ਗੁਰਬਾਣੀ ਦੀਆਂ ਤੁਕਾਂ ਨੇ ਅਤੇ ਇਸ ਨੂੰ ਸਿੱਖ ਮਰਿਆਦਾ ਅਨੁਸਾਰ ਸਸਕਾਰ ਕਰਨਾ ਚਾਹੀਦਾ ਸੀ। ਵਿਦਿਆਰਥੀਆਂ ਨੇ ਰੋਸ ਧਰਨਾ ਦਿੱਤਾ ਅਤੇ ਕਾਰਵਾਈ ਰੋਕੀ। ਐੱਸਜੀਪੀਸੀ ਨੇ ਸਖ਼ਤ ਨੋਟਿਸ ਲਿਆ ਸੀ ਅਤੇ ਇੱਕ ਵਫ਼ਦ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਯੂਨੀਵਰਸਿਟੀ ਪਹੁੰਚਿਆ ਸੀ। ਉਹਨਾਂ ਨੇ ਕਾਪੀਆਂ ਨੂੰ ਗੋਇੰਦਵਾਲ ਸਾਹਿਬ ਲੈ ਕੇ ਜਾਣ ਅਤੇ ਮਰਿਆਦਾ ਅਨੁਸਾਰ ਸਸਕਾਰ ਕਰਨ ਦੀ ਸੇਵਾ ਕੀਤੀ ਸੀ। ਐੱਸਜੀਪੀਸੀ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਨੂੰ ਨਸ਼ਟ ਕਰਨ ਲਈ ਵਿਧੀ ਵਿਧਾਨ ਹੁੰਦਾ ਐ ਅਤੇ ਯੂਨੀਵਰਸਿਟੀ ਨੇ ਉਹਨਾਂ ਨੂੰ ਇਤਲਾਹ ਵੀ ਨਹੀਂ ਕੀਤੀ।
ਹੁਣ ਸਵਾਲ ਇਹ ਐ ਕਿ ਬੇਅਦਬੀ ਵਾਲਾ ਕੇਸ ਬਣਨਾ ਠੀਕ ਹੈ ਜਾਂ ਨਹੀਂ? ਵਿਦਿਆਰਥੀ ਅਤੇ ਸ੍ਰੋਮਣੀ ਕਮੇਟੀ ਨੇ ਇਸ ਨੂੰ ਸਿੱਖ ਮਰਿਆਦਾ ਦੀ ਉਲੰਘਣਾ ਮੰਨਿਆ ਅਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਨੂੰ “ਅਤਿ ਨਿੰਦਣਯੋਗ” ਅਤੇ “ਸਿੱਖ ਵਿਰੋਧੀ ਮਾਨਸਿਕਤਾ” ਕਿਹਾ। ਉਹਨਾਂ ਨੇ ਪੰਜਾਬ ਪੁਲਿਸ ਨੂੰ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਅਤੇ ਯੂਨੀਵਰਸਿਟੀ ਨੂੰ ਕੈਂਪਸ ਗੁਰਦੁਆਰੇ ਵਿੱਚ ਅਖੰਡ ਪਾਠ ਅਤੇ ਅਰਦਾਸ ਕਰਨ ਦੀ ਹਦਾਇਤ ਕੀਤੀ ਹੈ। ਪਰ ਬਹੁਤੇ ਬੁੱਧੀਜੀਵੀ ਤੇ ਪੰਥਕ ਜਥੇਬੰਦੀਆਂ ਮਹਾਨ ਕੋਸ਼ ਨੂੰ ਧਾਰਮਿਕ ਤੇ ਪਵਿੱਤਰ ਨਹੀਂ ਮੰਨਦੀਆਂ। ਉਹਨਾਂ ਦਾ ਮੰਨਣਾ ਹੈ ਕਿ ਮਹਾਨ ਕੋਸ਼ ਇੱਕ ਵਿਸ਼ਵਕੋਸ਼ ਹੈ, ਨਾ ਕਿ ਗੁਰੂ ਗ੍ਰੰਥ ਸਾਹਿਬ ਵਾਂਗ ਪਵਿੱਤਰ ਗ੍ਰੰਥ। ਇਸ ਵਿੱਚ ਗੁਰਬਾਣੀ ਹਵਾਲੇ ਨੇ, ਪਰ ਇਹ ਧਾਰਮਿਕ ਗ੍ਰੰਥ ਨਹੀਂ ਹੈ। ਕੇਸ ਪਾਉਣ ਨੂੰ ਇਸੇ ਕਰਕੇ ਬਹੁਤੇ ਸਿੱਖ ਠੀਕ ਨਹੀਂ ਮੰਨਦੇ । ਅਸਲ ਮਸਲਾ ਮੁੜ-ਛਪਾਈ ਵਿੱਚ ਗਲਤੀਆਂ ਅਤੇ ਹੇਰਾ-ਫੇਰੀ ਦਾ ਐ। ਇਸ ਵਿੱਚ 2.5 ਕਰੋੜ ਰੁਪਏ ਖਰਚ ਹੋਏ, 25 ਤੋਂ 30 ਹਜ਼ਾਰ ਕਾਪੀਆਂ ਛਾਪੀਆਂ ਗਈਆਂ ਅਤੇ ਗਲਤ ਤੱਥ ਛੱਪੇ ਹਨ। ਵਿਦਵਾਨਾਂ ਨੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ ਅਤੇ ਹਾਈਕੋਰਟ ਨੇ ਵਿਕਰੀ ਤੇ ਰੋਕ ਲਾਈ ਸੀ। ਪਰ ਇਸ ਹੇਰਾ-ਫੇਰੀ ਉੱਤੇ ਕੋਈ ਕੇਸ ਨਹੀਂ ਦਰਜ ਹੋਇਆ।ਸਿੱਖ ਵਿਦਵਾਨ ਡਾ. ਪਰਮਿੰਦਰ ਸਿੰਘ ਸ਼ੌਂਕੀ ਨੇ ਕਿਹਾ ਕਿ ਇਹ ਗਿਆਨ ਦੀ ਪਵਿੱਤਰਤਾ ਤੇ ਵਾਰ ਹੈ ਅਤੇ ਪੰਜਾਬੀ ਯੂਨੀਵਰਸਿਟੀ ਰਾਹੀਂ ਕੁਕਰਮ ਹੋਇਆ ਹੈ। ਪ੍ਰਿਤਪਾਲ ਸਿੰਘ ਨੇ ਪ੍ਰੋਫੈਸਰ ਧਨਵੰਤ ਕੌਰ ਸਮੇਤ ਯੂਨੀਵਰਸਿਟੀ ਪ੍ਰੋਫੈਸਰਾਂ ਬਾਰੇ ਕਿਹਾ ਕਿ ਇਹਨਾਂ ਨੇ ਯੂਨੀਵਰਸਿਟੀ ਦੇ ਵੱਕਾਰ ਨੂੰ ਸੱਟ ਮਾਰੀ ਹੈ।
ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਇਸ ਨੂੰ ਸਿੱਖ ਵਿਰੋਧੀ ਮਾਨਸਿਕਤਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਸਿੱਖ ਵਿਰਾਸਤ ਨੂੰ ਤਬਾਹ ਕਰਨ ਦੀ ਸਾਜ਼ਿਸ਼ ਐ। ਉਹਨਾਂ ਨੇ ਯੂਨੀਵਰਸਿਟੀ ਵਿੱਚ ਮੌਜੂਦ ਪੁਰਾਤਨ ਹੱਥ-ਲਿਖਤਾਂ ਅਤੇ ਗ੍ਰੰਥਾਂ ਦੀ ਸੰਭਾਲ ਬਾਰੇ ਸਪੱਸ਼ਟੀਕਰਨ ਮੰਗਿਆ।
ਸ੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦਾ ਬਿਆਨ ਇਸ ਸਬੰਧੀ ਵਿਚਾਰਧਾਰਕ ਤੇ ਸਿਧਾਂਤਕ ਨਜ਼ਰੀਏ ਨੂੰ ਦਰਸਾਉਂਦਾ ਹੈ, ਜੋ ਸਿੱਖ ਰਹਿਤ ਮਰਿਆਦਾ ਦੇ ਤਕਨੀਕੀ ਪਹਿਲੂ ਨੂੰ ਉਜਾਗਰ ਕਰਦਾ ਹੈ। ਉਹਨਾਂ ਅਨੁਸਾਰ, ਸਿਖ ਮਰਿਆਦਾ ਅਨੁਸਾਰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗ੍ਰੰਥ ਹਨ ਅਤੇ ਮਹਾਨ ਕੋਸ਼ ਜਾਂ ਹੋਰ ਕਿਤਾਬਾਂ ਨੂੰ ਇਸੇ ਮਰਿਆਦਾ ਵਿੱਚ ਨਹੀਂ ਜੋੜਿਆ ਜਾ ਸਕਦਾ। ਮਹਾਨਕੋਸ਼ ਨੂੰ ਪਾਵਨ ਮੰਨਕੇ ਕੇਸ ਬਣਾਉਣਾ ਗਲਤ ਹੈ। ਬੀਬੀ ਕਿਰਨਜੋਤ ਦਾ ਬਿਆਨ ਸਹੀ ਹੈ ਕਿ ਹਰ ਸਿੱਖ ਗ੍ਰੰਥ ਤੇ ਪੁਸਤਕ ‘ਤੇ ਗੁਰੂ ਦੀ ਮਰਿਆਦਾ ਨਹੀਂ ਲਾਗੂ ਹੋ ਸਕਦੀ।
ਡਾ. ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬਰੇਰੀ ਅਤੇ ਪ੍ਰੋ. ਕਿਰਪਾਲ ਸਿੰਘ ਦੀ ਲਾਇਬਰੇਰੀ ਕਿਉਂ ਖ਼ਤਰੇ ਵਿੱਚ ਨੇ?
ਇਹ ਲਾਇਬਰੇਰੀਆਂ ਪੰਜਾਬੀ ਯੂਨੀਵਰਸਿਟੀ ਵਿੱਚ ਨੇ ਅਤੇ ਇੱਥੇ ਦੁਰਲੱਭ ਸਿੱਖ ਸਾਹਿਤ, ਪੁਸਤਕਾਂ ਅਤੇ ਹੱਥ-ਲਿਖਤਾਂ ਹਨ। ਵਿਦਵਾਨਾਂ ਨੇ ਕਿਹਾ ਕਿ ਇਹਨਾਂ ਦੀ ਸੰਭਾਲ ਠੀਕ ਨਹੀਂ ਹੋ ਰਹੀ। ਕੁਝ ਪੁਸਤਕਾਂ ਗਾਇਬ ਨੇ, ਕੁਝ ਨੂੰ ਨੁਕਸਾਨ ਪਹੁੰਚਿਆ ਐ ਅਤੇ ਡਿਜੀਟਲਾਈਜ਼ੇਸ਼ਨ ਨਹੀਂ ਹੋਇਆ। ਜਥੇਦਾਰ ਗੜਗੱਜ ਨੇ ਕਿਹਾ ਕਿ ਲਾਇਬਰੇਰੀ ਦਾ ਹਾਲ ਚੰਗਾ ਨਹੀਂ ਅਤੇ ਕਾਫ਼ੀ ਵਿਰਾਸਤ ਚੋਰੀ ਹੋਈ ਜਾਂ ਰੱਦੀ ਵਿੱਚ ਵੇਚੀ ਗਈ। ਪ੍ਰੋ. ਕਿਰਪਾਲ ਸਿੰਘ, ਜੋ 2019 ਵਿੱਚ ਗੁਜ਼ਰ ਗਏ ਨੇ, ਉਹਨਾਂ ਦੀ ਨਿੱਜੀ ਲਾਇਬਰੇਰੀ ਵੀ ਯੂਨੀਵਰਸਿਟੀ ਕੋਲ ਐ ਅਤੇ ਉਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ। ਇਹ ਲਾਇਬਰੇਰੀਆਂ ਸਿੱਖ ਇਤਿਹਾਸ ਅਤੇ ਸਾਹਿਤ ਦਾ ਖ਼ਜ਼ਾਨਾ ਨੇ, ਪਰ ਇਸ ਬਾਰੇ ਨਾ ਤਾਂ ਐੱਸਜੀਪੀਸੀ ਨਾਲ ਸਹਿਯੋਗ ਲਿਆ ਗਿਆ ਅਤੇ ਨਾ ਹੀ ਢੁੱਕਵੀਂ ਸੰਭਾਲ ਹੈ।
ਸ੍ਰੋਮਣੀ ਕਮੇਟੀ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ?
ਸ੍ਰੋਮਣੀ ਕਮੇਟੀ ਨੇ ਪਹਿਲਾਂ ਹੀ ਇੱਕ ਕਮੇਟੀ ਗਠਿਤ ਕੀਤੀ ਹੈ ਜੋ ਮਾਮਲੇ ਦੀ ਜਾਂਚ ਕਰੇਗੀ ਅਤੇ ਡਾ. ਗੰਡਾ ਸਿੰਘ ਲਾਇਬਰੇਰੀ ਦੀ ਹਾਲਤ ਦਾ ਜਾਇਜ਼ਾ ਲਵੇਗੀ। ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਗੰਭੀਰ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਸ੍ਰੋਮਣੀ ਕਮੇਟੀ ਨੂੰ ਯੂਨੀਵਰਸਿਟੀ ਨਾਲ ਮਿਲ ਕੇ ਲਾਇਬਰੇਰੀਆਂ ਨੂੰ ਡਿਜੀਟਲਾਈਜ਼ ਕਰਨਾ ਚਾਹੀਦਾ ਐ ਅਤੇ ਸਿੱਖ ਵਿਰਾਸਤ ਦੀ ਸੰਭਾਲ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਨੇ।
ਦੂਸਰੇ ਪਾਸੇ ਵੀਸੀ ਨੇ ਮੁਆਫ਼ੀ ਮੰਗੀ ਹੈ, ਕਿਹਾ ਕਿ ਇਰਾਦਾ ਨੇਕ ਸੀ ਅਤੇ ਇਹ ਈਕੋ-ਫਰੈਂਡਲੀ ਤਰੀਕਾ ਸੀ ਪਰ ਸਿੱਖ ਮਰਿਆਦਾ ਨਹੀਂ ਅਪਣਾਈ ਗਈ। ਹੁਣ ਯੂਨੀਵਰਸਿਟੀ ਗੁਰਦੁਆਰੇ ਵਿੱਚ ਅਖੰਡ ਪਾਠ ਕਰ ਰਹੀ ਐ ਅਤੇ ਐੱਸਜੀਪੀਸੀ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰੇਗੀ।
ਇਹ ਵਿਵਾਦ ਪੰਜਾਬੀ ਯੂਨੀਵਰਸਿਟੀ ਦੀ ਸਿੱਖ ਸਾਹਿਤ ਪ੍ਰਤੀ ਸੰਵੇਦਨਸ਼ੀਲਤਾ ਤੇ ਸਵਾਲ ਖੜ੍ਹੇ ਕਰਦਾ ਐ। ਅਸਲ ਮਸਲਾ ਬੇਅਦਬੀ ਵਾਲਾ ਨਹੀਂ ਹੈ। ਅਸਲ ਜੜ੍ਹ ਛਪਾਈ ਵਿੱਚ ਗਲਤੀਆਂ ਅਤੇ ਵਿੱਤੀ ਗਬਨ ਵਰਗੇ ਮਸਲੇ ਨੇ, ਜਿਨ੍ਹਾਂ ਤੇ ਵੱਡੀ ਜਾਂਚ ਹੋਣੀ ਚਾਹੀਦੀ ਐ।



