ਅੱਜ ਸੂਬੇ ਅੰਦਰ ਹਰ ਇੱਕ ਪੰਜਾਬੀ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਡਟਿਆ ਹੋਇਆ ਹੈ ਤਾਂ ਜੋ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਸਕੇ। ਇਸੇ ਲੜੀ ਤਹਿਤ ਕੈਥਲ ਤੋਂ ਪੰਜ ਟਰਾਲੀਆਂ ਦਾ ਕਾਰਵਾਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਅੰਮ੍ਰਿਤਸਰ ਲਈ ਜਾ ਰਿਹਾ ਸੀ।ਜਦ ਉਹ ਮੁੱਖ ਮਾਰਗ ‘ਤੇ ਘੁੰਨਸ ਡਰੇਨ ਨਜ਼ਦੀਕ ਪੁੱਜੇ ਤਾਂ ਉਹਨਾਂ ਵਿੱਚੋਂ ਤਿੰਨ ਟਰਾਲੀਆਂ ਅੱਗੇ ਲੰਘ ਗਈਆਂ, ਜਦਕਿ ਦੋ ਟਰਾਲੀ ਚਾਲਕਾਂ ਨੇ ਕਿਸੇ ਵਿਅਕਤੀ ਤੋਂ ਪੱਖੋਂ ਕੈਂਚੀਆਂ ਜਾਣ ਲਈ ਰਸਤਾ ਪੁੱਛਿਆ ਤਾਂ ਵਿਅਕਤੀ ਵੱਲੋਂ ਦੱਸੇ ਰਸਤੇ ਮੁਤਾਬਿਕ ਉਹਨਾਂ ਆਪਣੀਆਂ ਟਰਾਲੀਆਂ ਘੁੰਨਸ ਡਰੇਨ ਵੱਲ ਮੋੜ ਲਈਆਂ ਜਦ ਉਹ ਡਰੇਨ ਦੇ ਨਾਲ ਲੱਗਦੀ ਸੜਕ ਤੇ ਅੱਗੇ ਵੱਧ ਰਹੇ ਸਨ ਤਾਂ ਬਰਸਾਤ ਕਾਰਨ ਮਿੱਟੀ ਪੋਲੀ ਸੀ, ਜਿਸ ਕਰਕੇ ਅਚਾਨਕ ਦੋਨੋਂ ਟਰਾਲੀਆਂ ਨਜ਼ਦੀਕੀ ਖੇਤ ‘ਚ ਪਲਟ ਗਈਆਂ ਅਤੇ ਟਰਾਲੀਆਂ ‘ਚ ਲੱਦਿਆ ਹੋਇਆ ਸਾਰਾ ਸਾਮਾਨ ਆਟਾ, ਕਣਕ, ਤੇਲ, ਦਾਲਾਂ ਅਤੇ ਹੋਰ ਸਮਾਨ ਖੇਤ ‘ਚ ਖਿਲਰ ਗਿਆ।
ਇਸ ਘਟਨਾ ਦਾ ਪਤਾ ਲੱਗਦੇ ਪਿੰਡ ਘੁੰਨਸ ਦੇ ਵਾਸੀ ਵੱਡੀ ਗਿਣਤੀ ‘ਚ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਨੇ ਖੇਤ ਵਿਚੋਂ ਟਰਾਲੀਆਂ ਨੂੰ ਸਿੱਧਾ ਕਰਕੇ ਸਾਰਾ ਸਾਮਾਨ ਟਰਾਲੀਆਂ ‘ਚ ਲੋਡ ਕਰਵਾਇਆ। ਇਸ ਮੌਕੇ ਟਰਾਲੀਆਂ ਨਾਲ ਆਏ ਸੱਜਣਾਂ ਨੇ ਪਿੰਡ ਘੁੰਨਸ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।


