ਅਦਾਕਾਰਾ ਅਤੇ ਮੰਡੀ ਤੋਂ ਐਮਪੀ ਕੰਗਨਾ ਰਣੌਤ ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣਗੇ। ਇਸ ਲਈ ਕੰਗਨਾ ਰਣੌਤ ਬਠਿੰਡਾ ਪਹੁੰਚ ਚੁੱਕੀ ਹੈ। ਦੁਪਹਿਰ 2 ਵਜੇ ਤੱਕ ਉਹ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਕੰਗਨਾ ਨੇ ਕੋਰਟ ਵਿੱਚ ਵੀਡੀਓ ਜ਼ਰੀਏ ਪੇਸ਼ ਹੋਣ ਦੀ ਪਟੀਸ਼ਨ ਦਾਇਰ ਕੀਤੀ ਸੀ, ਜੋ ਕਿ ਰੱਦ ਹੋ ਗਈ। ਅਦਾਲਤ ਵਲੋਂ ਕੰਗਨਾ ਨੂੰ 27 ਅਕਤੂਬਰ 2025 ਨੂੰ ਨਿੱਜੀ ਤੌਰ ਉੱਤੇ ਪੇਸ਼ ਹੋਣ ਦੇ ਹੁਕਮ ਦਿੱਤੇ। ਇਸ ਦੇ ਚੱਲਦੇ ਬਠਿੰਡਾ ਦੀ ਅਦਾਲਤ ਵਿੱਚ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਕੰਗਨਾ ਨੇ ਦਿੱਲੀ ਕਿਸਾਨ ਅੰਦੋਲਨ ਸਮੇਂ ਕਿਸਾਨ ਬੀਬੀ ਬਾਰੇ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਬੀਬੀ ਮਹਿੰਦਰ ਕੌਰ ਵਲੋਂ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਰਜ ਕੀਤਾ ਗਿਆ।
“ਕੰਗਨਾ ਰਣੌਤ ਅਦਾਲਤ ਵਿੱਚ ਮੁਆਫੀ ਮੰਗੇਗੀ, ਤਾਂ…”
ਬੇਬੇ ਮਹਿੰਦਰ ਕੌਰ ਦਾ ਕਹਿਣਾ ਹੈ ਕਿ, “ਜੇ ਕੰਗਨਾ ਰਣੌਤ ਅਦਾਲਤ ਵਿੱਚ ਮੁਆਫੀ ਮੰਗੇਗੀ, ਤਾਂ ਮੁਆਫੀ ਦੇਣੀ ਹੈ ਜਾਂ ਨਹੀਂ, ਇਸ ਲਈ ਕਿਸਾਨ ਯੂਨੀਅਨ ਅਤੇ ਪਰਿਵਾਰਿਕ ਮੈਂਬਰਾਂ ਨਾਲ ਗੱਲ-ਬਾਤ ਕੀਤੀ ਜਾਵੇਗੀ। ਵਕੀਲ ਨਾਲ ਸਲਾਹ ਕੀਤੀ ਜਾਵੇਗੀ, ਜੋ ਵੀ ਇਨ੍ਹਾਂ ਦਾ ਹੁਕਮ ਹੋਵੇਗਾ, ਰਾਏ ਕਰਨ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।”
ਮਾਤਾ ਮਹਿੰਦਰ ਕੌਰ ਨੇ ਕਿਹਾ ਕਿ, “ਜੇ ਰਹਿਮ ਆ ਗਿਆ ਤਾਂ ਬਖ਼ਸ਼ ਦੇਣਗੇ, ਨਹੀਂ ਤਾਂ ਅਦਾਲਤ ਦਾ ਜੇ ਹੁਕਮ ਹੋਇਆ, ਕਿ ਜੇ ਗਲਤ ਬੋਲੀ ਹੈ, ਤਾਂ ਸਜ਼ਾ ਹੀ ਹੋਣੀ, ਤਾਂ ਫੇਰ ਕੀ ਕਰ ਸਕਦੇ। ਫਿਲਮਾਂ ਵੀ ਇਸ ਦੀਆਂ ਰੋਕੀਆਂ ਗਈਆਂ। ਕੰਗਨਾ ਰਣੌਤ ਬਠਿੰਡਾ ਵਿੱਚ ਪਹੁੰਚ ਚੁੱਕੀ ਹੈ। ਡੀਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ, “ਸੰਸਦ ਮੈਂਬਰ ਕੰਗਨਾ ਰਣੌਤ ਦੀ ਬੇਨਤੀ ਤੋਂ ਬਾਅਦ ਅਦਾਲਤੀ ਕੰਪਲੈਕਸ ਵਿੱਚ ਇੱਕ ਮਜ਼ਬੂਤ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ। ਇਹ ਮੁੱਦੇ ਦੀ ਸੰਵੇਦਨਸ਼ੀਲਤਾ ਦੇ ਕਾਰਨ ਇੱਕ ਵਿਸ਼ੇਸ਼ ਸੁਰੱਖਿਆ ਪ੍ਰਬੰਧ ਦਾ ਹਿੱਸਾ ਹੈ, ਜੋ ਕਿ ਅੰਸ਼ਕ ਤੌਰ ‘ਤੇ ਖੇਤੀਬਾੜੀ ਨਾਲ ਸਬੰਧਤ ਹੈ। ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਅੰਦੋਲਨਕਾਰੀ ਕੋਈ ਵਿਘਨ ਨਾ ਪਾਵੇ, ਅਸੀਂ ਪੂਰੇ ਅਦਾਲਤ ਵਿੱਚ ਕਾਫ਼ੀ ਗਿਣਤੀ ਵਿੱਚ ਕਰਮਚਾਰੀ ਤਾਇਨਾਤ ਕੀਤੇ ਹਨ। ਕਿਉਂਕਿ ਇੱਕ ਉੱਚ-ਪ੍ਰੋਫਾਈਲ ਸੰਸਦ ਮੈਂਬਰ ਸ਼ਾਮਲ ਹੈ, ਅਸੀਂ ਅਦਾਲਤੀ ਕੰਪਲੈਕਸ ਦੇ ਅੰਦਰ ਅਤੇ ਆਲੇ-ਦੁਆਲੇ ਵਿਵਸਥਾ ਅਤੇ ਸੁਰੱਖਿਆ ਬਣਾਈ ਰੱਖਣ ਲਈ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਾਂ
ਪੁਲਿਸ ਵਲੋਂ ਸੁਰੱਖਿਆ ਦੇ ਪ੍ਰਬੰਧ
ਬਠਿੰਡਾ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ, ਕੰਗਨਾ ਰਣੌਤ ਅੱਜ ਅਦਾਲਤ ਵਿੱਚ ਪੇਸ਼ ਹੋਣਗੇ। ਇਹ ਮਾਮਲਾ ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਬੀਬੀ ਉੱਤੇ ਟਿੱਪਣੀ ਕਰਨ ਦਾ ਹੈ। ਉਨ੍ਹਾਂ ਵਲੋਂ ਕੰਗਨਾ ਵਿਰੁੱਧ ਬਠਿੰਡਾ ਕੋਰਟ ਵਿੱਚ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਬਠਿੰਡਾ ਐਸਪੀ ਨਰਿੰਦਰ ਸਿੰਘ ਨੇ ਕਿਹਾ ਕਿ, “ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ, ਇਸ ਲਈ ਸਾਰੇ ਪੁਖ਼ਤਾ ਪ੍ਰੰਬਧ ਕੀਤੇ ਗਏ ਹਨ। ਸਾਡਾ ਕੰਮ ਹੈ ਲਾਅ ਐਂਡ ਆਰਡਰ ਨੂੰ ਸਹੀ ਰੱਖਣਾ, ਇਸ ਲਈ ਪੁਲਿਸ ਫੋਰਸ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਇੰਚਾਰਜ ਸਹਿਬਾਨ, ਐਸਪੀ, ਡੀਐਸਪੀ ਅਤੇ ਐਸਐਚਓ ਸਹਿਬਾਨਾਂ ਦੀ ਡਿਊਟੀ ਲਾਈ ਗਈ ਹੈ। ਸ਼ਰਾਰਤੀ ਅਨਸਰਾਂ ਉੱਤੇ ਮੁੱਖ ਤੌਰ ਉੱਤੇ ਨਜ਼ਰ ਰੱਖਣਾ ਹੈ, ਤਾਂ ਜੋ ਕੋਈ ਹਾਲਾਤ ਖਰਾਬ ਨਾ ਹੋ ਸਕਣ। ਬਾਹਰੋਂ ਏਆਰਪੀ ਟੀਮ ਇੱਥੇ ਤੈਨਾਤ ਕੀਤੀ ਗਈ ਹੈ। ਰੂਟ ਪਲਾਨ ਉੱਤੇ ਵੀ ਪੁਲਿਸ ਫੋਰਸ ਤੈਨਾਤ ਹੈ। ਕੰਗਨਾ ਦੇ ਰੂਟ ਪਲਾਨ ਨੂੰ ਅਸੀਂ ਸਾਂਝਾ ਨਹੀ ਕਰ ਸਕਦੇ।”
ਕੀ ਹੈ ਸਾਰਾ ਮਾਮਲਾ?
ਅਦਾਕਾਰਾ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਵਲੋਂ ਦਿੱਲੀ ਕਿਸਾਨ ਅੰਦੋਲਨ (2020) ਦੌਰਾਨ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਕਿਸਾਨ ਮਾਤਾ ਮਹਿੰਦਰ ਕੌਰ ਦੀ ਤਸਵੀਰ ਲਗਾਉਂਦੇ ਹੋਏ ਕਿਸਾਨ ਬੀਬੀਆਂ ਪ੍ਰਤੀ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਟਵੀਟ ਕੀਤਾ ਗਿਆ ਸੀ। ਕੰਗਨਾ ਨੇ ਮਹਿੰਦਰ ਕੌਰ ਦੀ ਤੁਲਨਾ ਸ਼ਾਹੀਨ ਬਾਗ ਅੰਦੋਲਨ ਦੀ ਦਾਦੀ ਨਾਲ ਕੀਤੀ ਸੀ ਅਤੇ ਟਵੀਟ ਵਿੱਚ ਕਿਹਾ ਸੀ ਕਿ ਉਹ 100 ਰੁਪਏ ਵਿੱਚ ਉਪਲਬਧ ਹੈ। ਲਿਖਿਆ ਸੀ ਕਿ- ‘ਅਜਿਹੇ ਲੋਕ 100-100 ਰੁਪਏ ਦਿਹਾੜੀ ‘ਚ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੁੰਦੇ ਹਨ।’ ਇਸ ਤੋਂ ਬਾਅਦ ਮਾਤਾ ਮਹਿੰਦਰ ਕੌਰ ਵੱਲੋਂ ਬਠਿੰਡਾ ਅਦਾਲਤ ਵਿੱਚ 4 ਜਨਵਰੀ 2021 ਨੂੰ ਕੰਗਨਾ ਰਣੌਤ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ।



