• Home  
  • ਹਮਾਸ ਵੱਲੋਂ ‘ਜੰਗਬੰਦੀ’ ਸਮਝੌਤੇ ਤਹਿਤ ਸੱਤ ਇਜ਼ਰਾਇਲੀ ਬੰਧਕ ਰਿਹਾਅ
- ਅੰਤਰਰਾਸ਼ਟਰੀ

ਹਮਾਸ ਵੱਲੋਂ ‘ਜੰਗਬੰਦੀ’ ਸਮਝੌਤੇ ਤਹਿਤ ਸੱਤ ਇਜ਼ਰਾਇਲੀ ਬੰਧਕ ਰਿਹਾਅ

ਇਜ਼ਰਾਈਲ ਨਾਲ ਹੋਏ ਜੰਗਬੰਦੀ ਸਮਝੌਤੇ ਤਹਿਤ ਹਮਾਸ ਨੇ ਸੋਮਵਾਰ ਨੂੰ ਸੱਤ ਬੰਧਕਾਂ ਨੂੰ ਰੈੱਡ ਕਰਾਸ ਹਵਾਲੇ ਕਰ ਦਿੱਤਾ। ਹਾਲਾਂਕਿ ਇਨ੍ਹਾਂ ਬੰਧਕਾਂ ਦੀ ਸਿਹਤ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਹਮਾਸ ਨੇ ਕਿਹਾ ਹੈ ਕਿ ਉਹ ਇਜ਼ਰਾਈਲ ਵੱਲੋਂ ਕੈਦ ਕੀਤੇ 1,900 ਤੋਂ ਵੱਧ ਫਲਸਤੀਨੀ ਕੈਦੀਆਂ ਦੀ ਰਿਹਾਈ ਬਦਲੇ 20 ਜ਼ਿਊਂਦੇ ਬੰਧਕਾਂ ਨੂੰ ਰਿਹਾਅ ਕਰੇਗਾ। […]

ਇਜ਼ਰਾਈਲ ਨਾਲ ਹੋਏ ਜੰਗਬੰਦੀ ਸਮਝੌਤੇ ਤਹਿਤ ਹਮਾਸ ਨੇ ਸੋਮਵਾਰ ਨੂੰ ਸੱਤ ਬੰਧਕਾਂ ਨੂੰ ਰੈੱਡ ਕਰਾਸ ਹਵਾਲੇ ਕਰ ਦਿੱਤਾ। ਹਾਲਾਂਕਿ ਇਨ੍ਹਾਂ ਬੰਧਕਾਂ ਦੀ ਸਿਹਤ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਹਮਾਸ ਨੇ ਕਿਹਾ ਹੈ ਕਿ ਉਹ ਇਜ਼ਰਾਈਲ ਵੱਲੋਂ ਕੈਦ ਕੀਤੇ 1,900 ਤੋਂ ਵੱਧ ਫਲਸਤੀਨੀ ਕੈਦੀਆਂ ਦੀ ਰਿਹਾਈ ਬਦਲੇ 20 ਜ਼ਿਊਂਦੇ ਬੰਧਕਾਂ ਨੂੰ ਰਿਹਾਅ ਕਰੇਗਾ। ਜਿਵੇਂ ਹੀ ਇਜ਼ਰਾਇਲੀ ਟੈਲੀਵਿਜ਼ਨ ਚੈਨਲਾਂ ਨੇ ਐਲਾਨ ਕੀਤਾ ਕਿ ਬੰਧਕ ਰੈੱਡ ਕਰਾਸ ਦੀ ਹਿਰਾਸਤ ਵਿੱਚ ਹਨ, ਬੰਧਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਲੋਕਾਂ ਨੇ ਉਤਸ਼ਾਹ ਨਾਲ ਖੁਸ਼ੀ ਮਨਾਈ।

ਦੇਸ਼ ਭਰ ਵਿੱਚ ਹਜ਼ਾਰਾਂ ਇਜ਼ਰਾਇਲੀ ਬੰਧਕਾਂ ਦੀ ਅਦਲੀ ਬਦਲੀ ਦੇ ਇਸ ਅਮਲ ਨੂੰ ਜਨਤਕ ਥਾਵਾਂ ’ਤੇ ਲਾਈਆਂ ਸਕਰੀਨਾਂ ਰਾਹੀਂ ਦੇਖ ਰਹੇ ਹਨ। ਅਜਿਹਾ ਹੀ ਇਕ ਸਭ ਤੋਂ ਵੱਡਾ ਸਮਾਗਮ ਰਾਜਧਾਨੀ ਤਲ ਅਵੀਵ ਵਿੱਚ ਹੋ ਰਿਹਾ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਐਤਵਾਰ ਨੂੰ ਕਿਹਾ ਸੀ ਕਿ ਉਸ ਨੂੰ ਉਮੀਦ ਹੈ ਕਿ ਹਮਾਸ ਨਾਲ ਹੋਏ ਜੰਗਬੰਦੀ ਸਮਝੌਤੇ ਤਹਿਤ ਗਾਜ਼ਾ ਵਿਚ ਬੰਦੀ ਬਣਾਏ ਗਏ ਸਾਰੇ ਜਿਊਂਦੇ ਬੰਧਕਾਂ ਨੂੰ ਸੋਮਵਾਰ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਉਧਰ ਫ਼ਲਸਤੀਨੀ ਇਜ਼ਰਾਈਲ ਵਿਚ ਬੰਧਕ ਬਣਾਏ ਗਏ ਸੈਂਕੜੇ ਕੈਦੀਆਂ ਦੀ ਰਿਹਾਈ ਤੇ ਮਾਨਵੀ ਸਹਾਇਤਾ ਵਿਚ ਵਾਧੇ ਦੀ ਉਡੀਕ ਵਿਚ ਹਨ। ਇਜ਼ਰਾਈਲ ਦੇ ਫੌਜ ਮੁਖੀ ਲੈਫਟੀਨੈਂਟ ਇਆਲ ਜ਼ਮੀਰ ਨੇ ਇਕ ਬਿਆਨ ਵਿਚ ਕਿਹਾ, ‘‘ਕੁਝ ਹੀ ਘੰਟਿਆਂ ਵਿਚ ਅਸੀਂ ਫਿਰ ਇਕ ਹੋ ਜਾਵਾਂਗੇ।’’

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਿਛਲੇ ਦੋ ਸਾਲਾਂ ਤੋਂ ਜਾਰੀ ਜੰਗ ਵਿੱਚ ਪਿਛਲੇ ਹਫ਼ਤੇ ਐਲਾਨੀ ਗਈ ਜੰਗਬੰਦੀ ਦਾ ਜਸ਼ਨ ਮਨਾਉਣ ਲਈ ਸੋਮਵਾਰ ਨੂੰ ਇਜ਼ਰਾਈਲ ਅਤੇ ਮਿਸਰ ਦੇ ਦੌਰੇ ’ਤੇ ਆ ਰਹੇ ਹਨ। ਟਰੰਪ ਨੇ ਰਵਾਨਗੀ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਜੰਗ ਖ਼ਤਮ ਹੋ ਗਈ ਹੈ। ਉਮੀਦ ਹੈ ਕਿ ਜੰਗਬੰਦੀ ਕਾਇਮ ਰਹੇਗੀ।’’ ਉਂਝ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਗਾਜ਼ਾ ਜਾਣ ’ਤੇ ‘ਮਾਣ’ ਹੋਵੇਗਾ।

ਪਹਿਲਾਂ ਜਿਊਂਦੇ ਬੰਧਕਾਂ ਨੂੰ ਛੱਡਣ ਦੀ ਉਮੀਦ

ਇਜ਼ਰਾਇਲੀ ਸਰਕਾਰ ਦੇ ਬੁਲਾਰੇ ਸ਼ੋਸ਼ ਬੇਡਰੋਸੀਅਨ ਨੇ ਕਿਹਾ ਕਿ ਸਾਰੇ 20 ਜਿਊਂਦੇ ਬੰਧਕਾਂ ਨੂੰ ਇਕੱਠਿਆਂ ਰੈੱਡ ਕਰਾਸ ਹਵਾਲੇ ਕੀਤਾ ਜਾਵੇਗਾ। ਉਪਰੰਤ ਉਨ੍ਹਾਂ ਨੂੰ ਪਰਿਵਾਰਾਂ ਨਾਲ ਮਿਲਾਉਣ ਲਈ ਫੌਜੀ ਅੱਡੇ ’ਤੇ ਲਿਜਾਇਆ ਜਾਵੇਗਾ ਜਾਂ ਫਿਰ ਲੋੜ ਪੈਣ ’ਤੇ ਫੌਰੀ ਹਸਪਤਾਲ ਵੀ ਲਿਜਾਇਆ ਜਾਵੇਗਾ। ਬੰਧਕਾਂ ਦੀ ਰਿਹਾਈ ਤੋਂ ਬਾਅਦ ਇਜ਼ਰਾਈਲ ਕਰੀਬ 2000 ਫਲਸਤੀਨੀ ਬੰਦੀਆਂ ਨੂੰ ਰਿਹਾਅ ਕਰੇਗਾ ਤੇ ਉਨ੍ਹਾਂ 28 ਬੰਧਕਾਂ ਨੂੰ ਆਪਣੇ ਨਾਲ ਲੈ ਕੇ ਜਾਵੇਗਾ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।

ਇਜ਼ਰਾਈਲ ਦੇ ਬੰਧਕਾਂ ਅਤੇ ਲਾਪਤਾ ਲੋਕਾਂ ਲਈ ਕੋਆਰਡੀਨੇਟਰ Gal Hirsch ਨੇ ਕਿਹਾ ਕਿ ਇੱਕ ਕੌਮਾਂਤਰੀ ਟਾਸਕ ਫੋਰਸ ਉਨ੍ਹਾਂ ਮ੍ਰਿਤਕ ਬੰਧਕਾਂ ਨੂੰ ਲੱਭਣ ਲਈ ਕੰਮ ਕਰਨਾ ਸ਼ੁਰੂ ਕਰੇਗੀ ਜੋ 72 ਘੰਟਿਆਂ ਦੇ ਅੰਦਰ ਵਾਪਸ ਨਹੀਂ ਆਉਂਦੇ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਲਾਸ਼ਾਂ, ਸੰਭਵ ਤੌਰ ‘ਤੇ ਮਲਬੇ ਹੇਠ, ਦੀ ਭਾਲ ਵਿੱਚ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਕ ਬਿਆਨ ਵਿਚ ਕਿਹਾ ਕਿ ਸੋੋਮਵਾਰ ਦਾ ਦਿਨ ‘ਚੰਗਾ ਹੋਵੇਗਾ, ਜੋ ਜ਼ਖ਼ਮਾਂ ’ਤੇ ਮੱਲ੍ਹਮ’ ਦਾ ਕੰਮ ਕਰੇਗਾ। ਕਾਬਿਲੇਗੌਰ ਹੈ ਕਿ ਕਈ ਇਜ਼ਰਾਇਲੀਆਂ ਨੇ ਨੇਤਨਯਾਹੂ ’ਤੇ ਸਿਆਸੀ ਮੰਤਵਾਂ ਲਈ ਜੰਗ ਨੂੰ ਲੰਮਾ ਖਿੱਚਣ ਦਾ ਦੋਸ਼ ਲਗਾਇਆ ਹੈ।

ਹਾਲਾਂਕਿ ਨੇਤਨਯਾਹੂ ਇਸ ਤੋਂ ਇਨਕਾਰ ਕਰਦੇ ਰਹੇ ਹਨ। ਇਜ਼ਰਾਈਲ ਵਿੱਚ ਬੰਦ ਫਲਸਤੀਨੀ ਕੈਦੀਆਂ ਦੀ ਰਿਹਾਈ ਲਈ ਸਮੇਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਨ੍ਹਾਂ ਵਿੱਚ 250 ਲੋਕ ਸ਼ਾਮਲ ਹਨ ਜੋ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਇਸ ਤੋਂ ਇਲਾਵਾ 1,700 ਲੋਕ ਜੰਗ ਦੌਰਾਨ ਗਾਜ਼ਾ ਤੋਂ ਫੜੇ ਗਏ ਸਨ ਅਤੇ ਬਿਨਾਂ ਕਿਸੇ ਦੋਸ਼ ਦੇ ਰੱਖੇ ਗਏ ਹਨ। ਇੱਕ ਫਲਸਤੀਨੀ ਅਧਿਕਾਰੀ ਨੇ ਕਿਹਾ ਕਿ ਹਮਾਸ ਦਾ ਇੱਕ ਵਫ਼ਦ ਕਾਹਿਰਾ ਵਿੱਚ ਕੈਦੀਆਂ ਦੀ ਸੂਚੀ ਬਾਰੇ ਸਾਲਸਾਂ ਨਾਲ ਗੱਲ ਕਰ ਰਿਹਾ ਹੈ। ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਕਿਹਾ ਕਿ ਹਮਾਸ ਮਕਬੂਲ ਫਲਸਤੀਨੀ ਆਗੂ Marwan Barghouti ਸਮੇਤ ਉਮਰ ਕੈਦ ਦੀ ਸਜ਼ਾ ਕੱਟ ਰਹੇ ਹੋਰਨਾਂ ਦੀ ਰਿਹਾਈ ਲਈ ਦਬਾਅ ਪਾ ਰਿਹਾ ਹੈ।

ਉਧਰ ਇਜ਼ਰਾਈਲ ਨੇ Barghouti ਨੂੰ ਦਹਿਸ਼ਤੀ ਆਗੂ ਮੰਨਣ ਬਾਰੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਹੈ। ਇੱਕ ਕੈਦੀ ਦੇ ਪਰਿਵਾਰ ਅਤੇ ਇੱਕ ਫਲਸਤੀਨੀ ਅਧਿਕਾਰੀ, ਜਿਸ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਗੱਲ ਕੀਤੀ, ਮੁਤਾਬਕ ਇਜ਼ਰਾਈਲ ਨੇ ਪੱਛਮੀ ਕੰਢੇ ਵਿੱਚ ਫਲਸਤੀਨੀਆਂ ਨੂੰ ਰਿਹਾਈ ਤੋਂ ਬਾਅਦ ਜਸ਼ਨ ਮਨਾਉਣ ਖਿਲਾਫ਼ ਚੇਤਾਵਨੀ ਦਿੱਤੀ ਹੈ।

ਮਾਨਵੀ ਸਹਾਇਤਾ ਵਿਚ ਵਾਧੇ ਦੀ ਤਿਆਰੀ

ਗਾਜ਼ਾ ਵਿੱਚ ਮਾਨਵੀ ਸਹਾਇਤਾ ਦੇ ਇੰਚਾਰਜ ਇਜ਼ਰਾਇਲੀ ਫੌਜੀ ਸੰਸਥਾ ਨੇ ਕਿਹਾ ਕਿ ਸਮਝੌਤੇ ਅਨੁਸਾਰ, ਐਤਵਾਰ ਨੂੰ ਪਹੁੰਚਣ ਵਾਲੀ ਸਹਾਇਤਾ ਦੀ ਮਾਤਰਾ ਪ੍ਰਤੀ ਦਿਨ ਲਗਪਗ 600 ਟਰੱਕਾਂ ਤੱਕ ਵਧਣ ਦੀ ਉਮੀਦ ਹੈ। ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਮੁਖੀ ਟੌਮ ਫਲੇਚਰ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘ਗਾਜ਼ਾ ਦਾ ਜ਼ਿਆਦਾਤਰ ਹਿੱਸਾ ਬਰਬਾਦ ਹੈ।’’ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਕੋਲ ਅਗਲੇ ਦੋ ਮਹੀਨਿਆਂ ਲਈ ਬੁਨਿਆਦੀ ਡਾਕਟਰੀ ਅਤੇ ਹੋਰ ਸੇਵਾਵਾਂ ਨੂੰ ਬਹਾਲ ਕਰਨ, ਹਜ਼ਾਰਾਂ ਟਨ ਭੋਜਨ ਅਤੇ ਬਾਲਣ ਪਹੁੰਚਾਉਣ ਅਤੇ ਮਲਬੇ ਨੂੰ ਸਾਫ਼ ਕਰਨ ਦੀਆਂ ਯੋਜਨਾਵਾਂ ਹਨ।

ਮਿਸਰ ਨੇ ਕਿਹਾ ਕਿ ਉਹ ਐਤਵਾਰ ਨੂੰ ਇਜ਼ਰਾਈਲੀ ਫੌਜਾਂ ਵੱਲੋਂ ਜਾਂਚ ਲਈ ਗਾਜ਼ਾ ਵਿੱਚ 400 ਸਹਾਇਤਾ ਟਰੱਕ ਭੇਜ ਰਿਹਾ ਹੈ। ਖ਼ਬਰ ਏਜੰਸੀ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਵਿਚ ਦਰਜਨਾਂ ਟਰੱਕ ਰਫਾਹ ਸਰਹੱਦੀ ਲਾਂਘੇ ਦੇ ਮਿਸਰ ਵਾਲੇ ਪਾਸੇ ਨੂੰ ਪਾਰ ਕਰਦੇ ਦਿਖਾਈ ਦਿੱਤੇ। ਮਿਸਰੀ ਰੈੱਡ ਕ੍ਰੇਸੈਂਟ ਨੇ ਕਿਹਾ ਕਿ ਵਾਹਨਾਂ ਵਿੱਚ ਡਾਕਟਰੀ ਸਪਲਾਈ, ਟੈਂਟ, ਕੰਬਲ, ਭੋਜਨ ਅਤੇ ਬਾਲਣ ਸੀ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਉਸ ਕੋਲ ਲਗਭਗ 170,000 ਮੀਟ੍ਰਿਕ ਟਨ ਭੋਜਨ, ਦਵਾਈ ਅਤੇ ਹੋਰ ਸਹਾਇਤਾ ਗਾਜ਼ਾ ਵਿਚ ਦਾਖਲੇ ਲਈ ਤਿਆਰ ਹੈ।

Leave a comment

Your email address will not be published. Required fields are marked *

About Us

Lorem ipsum dol consectetur adipiscing neque any adipiscing the ni consectetur the a any adipiscing.

Email Us: infouemail@gmail.com

Contact: +5-784-8894-678

Daily Ujala Punjab   @2025. All Rights Reserved.