ਨਾਭਾ ਦੀ ਜ਼ਿਲ੍ਹਾ ਜੇਲ ’ਚ ਬੰਦ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਮੰਗਲਵਾਰ ਨੂੰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇਬਾਬਾ ਗੁਰਿੰਦਰ ਸਿੰਘ ਨੇ ਅੱਧੇ ਘੰਟੇ ਦੇ ਕਰੀਬ ਮਜੀਠੀਆ ਨਾਲ ਜੇਲ ਦੇ ਅੰਦਰ ਮੁਲਾਕਾਤ ਕੀਤੀ। ਡੇਰਾ ਮੁਖੀ ਨਾਲ ਮੁਲਾਕਾਤ ਸਮੇਂ ਕੋਈ ਵੀ ਅਕਾਲੀ ਆਗੂ ਜਾਂ ਮਜੀਠੀਆ ਦਾ ਰਿਸ਼ਤੇਦਾਰ ਮੌਜੂਦ ਨਹੀਂ ਸੀ। ਜੇਲ੍ਹ ਦੇ ਗੇਟ ਦੇ ਬਿਲਕੁਲ ਬਾਹਰ ਨਾਲ ਲੱਗਦੇ ਪੰਪ ’ਤੇ ਡੇਰਾ ਬਿਆਸ ਮੁਖੀ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਦਰਸ਼ਨ ਦਿੱਤੇ ਗਏ ।
ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਉਪਰੰਤ ਡੇਰਾ ਬਿਆਸ ਮੁਖੀ ਮਹਾਰਾਜਾ ਨਾਭਾ ਦੇ ਵੰਸ਼ਜ਼ ਜੋ ਕਿ ਹੀਰਾ ਮਹਿਲ ਵਿੱਚ ਨਾਭਾ ’ਚ ਰਹਿ ਰਹੇ ਹਨ, ਉਨ੍ਹਾਂ ਨੂੰ ਮਿਲਣ ਲਈ ਵੀ ਪਹੁੰਚੇ। ਹੀਰਾ ਮਹਿਲ ਵਿੱਚ ਵੀ ਕਿਸੇ ਵੀ ਪਾਰਟੀ ਦੇ ਆਗੂ ਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਕੇਵਲ ਪਰਿਵਾਰ ਨਾਲ ਡੇਰਾ ਮੁਖੀ ਵੱਲੋਂ ਮੁਲਾਕਾਤ ਕੀਤੀ ਗਈ।
ਡੇਰਾ ਮੁਖੀ ਵੱਲੋਂ ਮਜੀਠੀਆ ਨਾਲ ਕੀਤੀ ਮੁਲਾਕਾਤ ਦੇ ਕਈ ਮਾਇਨੇ ਨਿਕਲ ਕੇ ਸਾਹਮਣੇ ਆ ਰਹੇ ਹਨ। ਭਾਵੇਂ ਕਿ ਮਜੀਠੀਆ ਦੀ ਧਰਮਪਤਨੀ ਨਾਲ ਬਿਆਸ ਮੁਖੀ ਦੀ ਰਿਸ਼ਤੇਦਾਰੀ ਹੈ ਪਰ ਸੂਤਰਾਂ ਮੁਤਾਬਕ ਇਸ ਮੁਲਾਕਾਤ ਨੂੰ ਰਾਜਨੀਤੀ ਵੱਲ ਵੀ ਦੇਖਿਆ ਜਾ ਰਿਹਾ ਕਿਉਂਕਿ ਮਜੀਠੀਆ ਨਾਲ ਜੇਲ੍ਹ ਵਿੱਚ ਹਾਲੇ ਤੱਕ ਸੁਖਬੀਰ ਸਿੰਘ ਬਾਦਲ ਦੀ ਕੋਈ ਵੀ ਮੁਲਾਕਾਤ ਨਹੀਂ ਹੋਈ ਤੇ ਸਿਰਫ ਹਰਸਿਮਰਤ ਕੌਰ ਬਾਦਲ ਦੀ ਵੀ ਮੁਲਾਕਾਤ ਕੇਵਲ ਰੱਖੜੀ ਵਾਲੇ ਦਿਨ ਹੀ ਹੋਈ ਸੀ।
ਇਥੇ ਜ਼ਿਕਰਯੋਗ ਹੈਕਿ ਜਿੱਥੇ ਨਾਭਾ ਜੇਲ੍ਹ ’ਚ ਬੰਦ ਮਜੀਠੀਆ ਦੀ ਪੇਸ਼ੀ ਸਮੇਂ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੁੰਦੇ ਹਨ ਉਥੇ ਹੀ ਅੱਜ ਜਦੋਂ ਬਾਬਾ ਗੁਰਿੰਦਰ ਸਿੰਘ ਜੇਲ ਵਿੱਚ ਮਜੀਠੀਆ ਨੂੰ ਮਿਲਣ ਆਏ ਤਾਂ ਸੁਰੱਖਿਆ ਦੀਆਂ ਧੱਜੀਆਂ ਉਡਦੀਆਂ ਦਿਖਾਈ ਦਿੱਤੀਆਂ। ਬਿਆਸ ਮੁਖੀ ਦੇ ਜੇਲ੍ਹ ਅੰਦਰ ਜਾਣ ਸਮੇਂ ਉਨ੍ਹਾਂ ਦੇ ਪੈਰੋਕਾਰਾਂ ਦਾ ਵੱਡਾ ਇਕੱਠ ਜੇਲ੍ਹ ਦੇ ਬਾਹਰ ਹੋ ਚੁੱਕਿਆ ਸੀ ਅਤੇ ਜੇਲ੍ਹ ਵੱਲੋਂ ਬਣਾਏ ਹੋਏ ਪੈਟਰੋਲ ਪੰਪ ਤੇ ਡੇਰੇ ਦੇ ਪੈਰੋਕਾਰਾਂ ਨੂੰ ਬਿਠਾਇਆ ਗਿਆ।



