ਜਲੰਧਰ ’ਚ ਸੋਮਵਾਰ ਤੋਂ ਵਕੀਲਾਂ ਨੇ ਅਦਾਲਤਾਂ ’ਚ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ। ਜਲੰਧਰ ਬਾਰ ਐਸੋਸੀਏਸ਼ਨ ਨੇ ਇਸ ਨੂੰ ‘ਨੋ ਵਰਕ ਡੇ’ ਐਲਾਨਦਿਆਂ ਕਿਹਾ ਕਿ ਪੁਲਿਸ ਦੀ ਲਾਪਰਵਾਹੀ ਤੇ ਪੱਖਪਾਤੀ ਰਵੱਈਏ ਖ਼ਿਲਾਫ਼ ਇਹ ਕਦਮ ਚੁੱਕਿਆ ਗਿਆ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਦਿੱਤਿਆ ਜੈਨ ਤੇ ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਦਾ ਦੋਸ਼ ਹੈ ਕਿ ਵਕੀਲ ਮਨਦੀਪ ਸਚਦੇਵਾ ਤੋਂ ਰੰਗਦਾਰੀ ਮੰਗਣ ਦੇ ਮਾਮਲੇ ’ਚ ਸਬੂਤ ਹੋਣ ਦੇ ਬਾਵਜੂਦ ਪੁਲਿਸ ਨੇ ਪਰਵਿੰਦਰ ਸਿੰਘ, ਜੋ ਧਮਕੀ ਮਾਮਲੇ ਦੇ ਮੁਲਜ਼ਮ ਸੰਦੀਪ ਸਿੰਘ ਉਰਫ਼ ਸੰਨੀ (ਜੋ ਕਿ ਕੈਨੇਡਾ ’ਚ ਬੈਠਾ ਹੈ) ਦਾ ਪਿਤਾ ਹੈ, ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਇਸ ਤੋਂ ਇਲਾਵਾ ਰੰਗਦਾਰੀ ਦੀ ਰਕਮ ਲੈਣ ਆਏ ਸੈਮ ਕਵਾਤਰਾ ਖ਼ਿਲਾਫ਼ ਵੀ ਐੱਫ਼ਆਈਆਰ ਦਰਜ ਨਹੀਂ ਕੀਤੀ ਗਈ। ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਸਬੂਤਾਂ ਤੇ ਗਵਾਹੀਆਂ ਦੀ ਅਣਦੇਖੀ ਕਰ ਕੇ ਪੁਲਿਸ ਕੇਸ ਨੂੰ ਕਮਜ਼ੋਰ ਕਰ ਰਹੀ ਹੈ। ਸੀਨੀਅਰ ਵਕੀਲ ਨੂੰ ਮਿਲੀਆਂ ਸਨ ਧਮਕੀਆਂ ਇਹ ਮਾਮਲਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਜਲੰਧਰ ਦੇ ਸੀਨੀਅਰ ਵਕੀਲ ਮਨਦੀਪ ਸਚਦੇਵਾ ਨੂੰ ਕੈਨੇਡਾ ਤੋਂ ਆਪ੍ਰੇਟ ਕੀਤੇ ਜਾ ਰਹੇ ਇਕ ਫੇਸਬੁੱਕ ਅਕਾਊਂਟ ਤੋਂ ਰੰਗਦਾਰੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਜਾਂਚ ’ਚ ਸਾਹਮਣੇ ਆਇਆ ਕਿ ਇਸ ਅਕਾਊਂਟ ਦੇ ਪਿੱਛੇ ਕੈਨੇਡਾ ’ਚ ਰਹਿ ਰਿਹਾ ਸੰਦੀਪ ਸਿੰਘ ਉਰਫ਼ ਸੰਨੀ ਦਾ ਹੱਥ ਹੈ।
ਇਸ ਤੋਂ ਬਾਅਦ ਸੀਆਈਏ ਸਟਾਫ ਨੇ ਵਕੀਲ ਦੀ ਸਹਾਇਤਾ ਨਾਲ ਸੈਮ ਨਾਂ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ, ਜੋ ਰੰਗਦਾਰੀ ਦੀ ਰਕਮ ਲੈਣ ਆਇਆ ਸੀ। ਸੈਮ ਨੇ ਬਾਅਦ ’ਚ ਕਿਹਾ ਕਿ ਉਹ ਤਾਂ ਸਿਰਫ਼ ਸੰਨੀ ਦੀਆਂ ਧਮਕੀਆਂ ਤੋਂ ਤੰਗ ਆ ਕੇ ਤੇ ਡਰ ਮਾਰਦੇ ਪੈਸੇ ਲੈਣ ਆਇਆ ਸੀ, ਉਸ ਨੂੰ ਨਹੀਂ ਪਤਾ ਸੀ ਕਿ ਪੈਸੇ ਕਿਸ ਲਈ ਹਨ। ਦੂਜੇ ਪਾਸੇ ਬਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਗ੍ਰਿਫ਼ਤਾਰੀ ਤੇ ਸਬੂਤ ਮਿਲਣ ਦੇ ਬਾਵਜੂਦ ਪੁਲਿਸ ਨੇ ਮੁੱਖ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ। ਇਸੇ ਰਵੱਈਏ ਤੋਂ ਨਾਰਾਜ਼ ਹੋ ਕੇ ਵਕੀਲਾਂ ਨੇ ਅਦਾਲਤਾਂ ਦਾ ਕੰਮਕਾਜ ਠੱਪ ਰੱਖਣ ਫ਼ੈਸਲਾ ਲਿਆ।
ਬਾਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਸੀ ਕਿ ‘ਨੋ ਵਰਕ ਡੇ’ ਕਾਰਨ ਸੋਮਵਾਰ ਨੂੰ ਅਦਾਲਤਾਂ ’ਚ ਨਾ ਸੁਣਵਾਈ ਹੋਈ ਤੇ ਨਾ ਹੀ ਹੋਰ ਕੋਈ ਕਾਨੂੰਨੀ ਕੰਮ ਹੋਇਆ। ਵਕੀਲਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪੁਲਿਸ ਨੇ ਮਾਮਲੇ ’ਚ ਨਿਰਪੱਖ ਕਾਰਵਾਈ ਨਾ ਕੀਤੀ ਤਾਂ ਅੰਦੋਲਨ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ।



