• Home  
  • ਪੰਜਾਬ ‘ਚ ਹੜ੍ਹਾਂ ਦੀ ਤਬਾਹੀ: ਮੌਤਾਂ 51, 3.87 ਲੱਖ ਲੋਕ ਪ੍ਰਭਾਵਿਤ, 1.84 ਲੱਖ ਹੈਕਟੇਅਰ ਫ਼ਸਲ ਸੁਆਹ
- ਖ਼ਬਰਾ

ਪੰਜਾਬ ‘ਚ ਹੜ੍ਹਾਂ ਦੀ ਤਬਾਹੀ: ਮੌਤਾਂ 51, 3.87 ਲੱਖ ਲੋਕ ਪ੍ਰਭਾਵਿਤ, 1.84 ਲੱਖ ਹੈਕਟੇਅਰ ਫ਼ਸਲ ਸੁਆਹ

ਕੈਬਨਿਟ ਵੱਲੋਂ ‘ਜਿਸ ਦਾ ਖੇਤ, ਉਸ ਦਾ ਰੇਤ’ ਨੂੰ ਹਰੀ ਝੰਡੀ, ਪਰ ਕਿਸਾਨਾਂ ਦੀਆਂ ਅਸਲ ਮੰਗਾਂ ਅਧੂਰੀਆਂ। ਪੰਜਾਬ ਵਿਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਸਰਕਾਰੀ ਰਿਪੋਰਟ ਮੁਤਾਬਕ 15 ਜ਼ਿਲ੍ਹਿਆਂ ‘ਚ 3.87 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਮਾਨਸਾ, ਮੋਗਾ ਤੇ ਪਟਿਆਲਾ ‘ਚ 3 ਹੋਰ ਮੌਤਾਂ ਨਾਲ ਕੁੱਲ ਮੌਤਾਂ 51 ਹੋ ਗਈਆਂ। 1,84,938 ਹੈਕਟੇਅਰ […]

ਕੈਬਨਿਟ ਵੱਲੋਂ ‘ਜਿਸ ਦਾ ਖੇਤ, ਉਸ ਦਾ ਰੇਤ’ ਨੂੰ ਹਰੀ ਝੰਡੀ, ਪਰ ਕਿਸਾਨਾਂ ਦੀਆਂ ਅਸਲ ਮੰਗਾਂ ਅਧੂਰੀਆਂ। ਪੰਜਾਬ ਵਿਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਸਰਕਾਰੀ ਰਿਪੋਰਟ ਮੁਤਾਬਕ 15 ਜ਼ਿਲ੍ਹਿਆਂ ‘ਚ 3.87 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਮਾਨਸਾ, ਮੋਗਾ ਤੇ ਪਟਿਆਲਾ ‘ਚ 3 ਹੋਰ ਮੌਤਾਂ ਨਾਲ ਕੁੱਲ ਮੌਤਾਂ 51 ਹੋ ਗਈਆਂ। 1,84,938 ਹੈਕਟੇਅਰ ਫ਼ਸਲਾਂ ਤਬਾਹ ਹੋਈਆਂ, ਜਿਨ੍ਹਾਂ ‘ਚ 3.70 ਲੱਖ ਏਕੜ ਝੋਨਾ, 30 ਹਜ਼ਾਰ ਏਕੜ ਨਰਮਾ, 29 ਹਜ਼ਾਰ ਏਕੜ ਗੰਨਾ ਤੇ 7,430 ਏਕੜ ਮੱਕੀ ਸ਼ਾਮਲ ਹਨ। ਘਰਾਂ ਤੇ ਪਸ਼ੂਧਨ ਦਾ ਨੁਕਸਾਨ ਅਜੇ ਮੁਲਾਂਕਣ ਅਧੀਨ ਹੈ। ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਪਾਣੀ ਘਟਣ ਤੋਂ ਬਾਅਦ ਹੀ ਪੂਰਾ ਨੁਕਸਾਨ ਸਾਹਮਣੇ ਆਵੇਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੈਬਨਿਟ ਮੀਟਿੰਗ ਵਿੱਚ ਹਿੱਸਾ ਲਿਆ ਗਿਆ। ਪੰਜਾਬ ਵਜ਼ਾਰਤ ਨੇ ਮੀਟਿੰਗ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਖੇਤਾਂ ਵਿੱਚ ਆਈ ਮਿੱਟੀ ਨੂੰ ਚੁੱਕਣ ਲਈ ‘ਜਿਸ ਦਾ ਖੇਤ ਉਸ ਦੀ ਰੇਤ’ ਮੁਹਿੰਮ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਇਸ ਨਾਲ ਕਿਸਾਨ ਆਪਣੇ ਖੇਤਾਂ ਵਿੱਚੋਂ ਗਾਰ ਦੇ ਰੂਪ ਵਿਚ ਆਈ ਰੇਤ ਚੁੱਕ ਕੇ ਅੱਗੇ ਵੇਚ ਸਕਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਕਰਕੇ ਆਪਣੀ ਜੀਅ ਗੁਆਉਣ ਵਾਲੇ ਪਰਿਵਾਰਾਂ ਨੂੰ 4 ਲੱਖ ਰੁਪਏ ਪ੍ਰਤੀ ਵਿਅਕਤੀ ਮੁਆਵਜ਼ਾ ਦੇਵੇਗੀ। ਜਿਨ੍ਹਾਂ ਲੋਕਾਂ ਦੇ ਘਰ ਢਹਿ ਗਏ ਹਨ, ਉਸ ਬਾਰੇ ਸਰਵੇ ਕਰਵਾਇਆ ਜਾਵੇਗਾ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨੂੰ ਸਹਿਕਾਰੀ ਬੈਂਕਾਂ ਵਿੱਚੋਂ ਲਏ ਕਰਜ਼ੇ ਦੀ ਅਦਾਇਗੀ ਲਈ ਛੇ ਮਹੀਨੇ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸ ਦੌਰਾਨ ਕਿਸਾਨਾਂ ਨੂੰ ਛੇ ਮਹੀਨੇ ਕੋਈ ਕਿਸ਼ਤ ਭਰਨ ਦੀ ਲੋੜ ਨਹੀਂ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਪਸ਼ੂਆਂ ਅਤੇ ਹੋਰ ਜਾਨਵਰਾਂ ਦੇ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਬਿਮਾਰੀਆਂ ਰੋਕਣ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਚਲਾਈ ਜਾਵੇਗੀ। ਇਸ ਤੋਂ ਇਲਾਵਾ 1700 ਪਿੰਡਾਂ ਵਿੱਚ ਫੋਗਿੰਗ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ਨਾਲ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹਰੇਕ ਪਿੰਡ ਵਿੱਚ ਡਾਕਟਰਾਂ ਦੀ ਵਿਸ਼ੇਸ਼ ਟੀਮ ਆਵੇਗੀ ਅਤੇ ਲੋਕਾਂ ਦਾ ਇਲਾਜ ਕਰੇਗੀ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਫਾਈ ਮੁਹਿੰਮ ਵੀ ਚਲਾਈ ਜਾਵੇਗੀ।

ਸਰਕਾਰ ਵਲੋਂ ਰਾਹਤ ਤੇ ਬਚਾਅ ਦੇ ਜਤਨ

ਸਰਕਾਰ ਨੇ ਰਾਹਤ ਕਾਰਜ ਤੇਜ਼ ਕਰ ਦਿੱਤੇ ਹਨ। ਹੁਣ ਤੱਕ 23,015 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ। 123 ਰਾਹਤ ਕੈਂਪਾਂ ਵਿਚ 5,416 ਲੋਕ ਰਹਿ ਰਹੇ ਹਨ। ਫ਼ੌਜ ਦੇ 30 ਹੈਲੀਕਾਪਟਰ, ਬੀ.ਐਸ.ਐਫ., ਐਨ.ਡੀ.ਆਰ.ਐਫ. ਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੀਆਂ ਹਨ। ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ, ਦਵਾਈਆਂ ਤੇ ਜ਼ਰੂਰੀ ਸਾਮਾਨ 24 ਘੰਟੇ ਪ੍ਰਭਾਵਿਤ ਖੇਤਰਾਂ ‘ਚ ਪਹੁੰਚਾਇਆ ਜਾ ਰਿਹਾ ਹੈ। ਅੰਮ੍ਰਿਤਸਰ ਵੀਚ 1,36,105 ਲੋਕ, ਗੁਰਦਾਸਪੁਰ ਵਿਚ 1,45,000 ਤੇ ਫ਼ਾਜ਼ਿਲਕਾ ਵਿਚ 25,037 ਲੋਕ ਪ੍ਰਭਾਵਿਤ ਹਨ। ਗੁਰਦਾਸਪੁਰ ‘ਵਿਚ ਸਭ ਤੋਂ ਵੱਧ 40,169 ਹੈਕਟੇਅਰ ਫ਼ਸਲ ਨੁਕਸਾਨੀ।

ਕਿਸਾਨਾਂ ਦਾ ਕਰਜ਼ਾ: ਵਧਦਾ ਬੋਝ

ਹੜ੍ਹਾਂ ਨੇ ਪੰਜਾਬ ਦੇ ਕਿਸਾਨਾਂ ‘ਤੇ ਕਰਜ਼ੇ ਦਾ ਬੋਝ ਹੋਰ ਵਧਾ ਦਿੱਤਾ। ਪੰਜਾਬ ਸਟੇਟ ਬੈਂਕਰਜ਼ ਕਮੇਟੀ ਮੁਤਾਬਕ 30 ਜੂਨ 2025 ਤੱਕ ਕਿਸਾਨਾਂ ‘ਤੇ 96,867 ਕਰੋੜ ਦਾ ਕਰਜ਼ਾ ਹੈ, ਜੋ 2014 ‘ਚ 57,892 ਕਰੋੜ ਸੀ। ਹਰ ਘੰਟੇ 40.41 ਲੱਖ ਦਾ ਕਰਜ਼ਾ ਵਧ ਰਿਹਾ ਹੈ। ਕੇਂਦਰੀ ਖੇਤੀ ਮੰਤਰਾਲੇ ਅਨੁਸਾਰ 31 ਮਾਰਚ 2025 ਨੂੰ ਕਰਜ਼ਾ 1.04 ਲੱਖ ਕਰੋੜ ਸੀ। ਸਰਕਾਰ ਨੇ 4.59 ਲੱਖ ਏਕੜ ਫ਼ਸਲੀ ਨੁਕਸਾਨ ਦਾ ਅੰਦਾਜ਼ਾ ਲਗਾਇਆ, ਜਿਸ ਦਾ ਮੁੱਲ 3,125 ਕਰੋੜ ਹੈ। ਖੇਤੀ ਵਿਕਾਸ ਬੈਂਕਾਂ ਦੇ 2,400 ਕਰੋੜ ਦੇ ਕਰਜ਼ੇ ਵਿਚ 45 ਹਜ਼ਾਰ ਕਿਸਾਨ ਪਹਿਲਾਂ ਹੀ ਡਿਫਾਲਟਰ ਹਨ। ਪੰਜਾਬ ਸਰਕਾਰ ਨੇ ਕਰਜ਼ੇ ਦੀ ਕਿਸ਼ਤ 6 ਮਹੀਨਿਆਂ ਲਈ ਮੁਲਤਵੀ ਕੀਤੀ, ਪਰ ਕਿਸਾਨ ਪੂਰੀ ਕਰਜ਼ਾ ਮੁਆਫੀ ਦੀ ਮੰਗ ਕਰ ਰਹੇ ਹਨ।

ਬੀਕੇਯੂ (ਲੱਖੋਵਾਲ) ਦੇ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰਤੀ ਏਕੜ 1 ਲੱਖ ਮੁਆਵਜ਼ੇ ਤੇ ਮਜ਼ਦੂਰਾਂ ਦੇ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ। ਬੀਕੇਯੂ (ਉਗਰਾਹਾਂ) ਦੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਹੜ੍ਹ ਨੂੰ ਕੌਮੀ ਆਫਤ ਐਲਾਨਣ ਦੀ ਮੰਗ ਕੀਤੀ, ਜਦਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ ਨੇ ਮਜ਼ਦੂਰਾਂ ਦੀ ਦੁਰਦਸ਼ਾ ‘ਤੇ ਚਿੰਤਾ ਜਤਾਈ। ਕਿਸਾਨ ਤੇ ਮਜ਼ਦੂਰ ਸਰਕਾਰ ਤੋਂ ਪੂਰੇ ਮੁਆਵਜ਼ੇ ਤੇ ਵਿਆਜ ਮੁਆਫੀ ਦੀ ਉਮੀਦ ਕਰ ਰਹੇ ਹਨ, ਪਰ ਸਰਕਾਰ ਦੇ ਅਜੇ ਤੱਕ ਸੀਮਤ ਐਲਾਨਾਂ ਨੇ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ।

Leave a comment

Your email address will not be published. Required fields are marked *

About Us

Lorem ipsum dol consectetur adipiscing neque any adipiscing the ni consectetur the a any adipiscing.

Email Us: infouemail@gmail.com

Contact: +5-784-8894-678

Daily Ujala Punjab   @2025. All Rights Reserved.