ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਦੀ ਗੱਲ ਕਹੀ ਜਾ ਰਹੀ ਹੋਵੇ, ਪਰ ਪਿੰਡਾਂ ਦੀਆਂ ਸੜਕਾਂ ਦੀ ਗੱਲ ਕਰੀਏ ਤਾਂ ਇਨਾਂ ਦੀ ਹਾਲਤ ਬਹੁਤ ਹੀ ਤਰਯੋਗ ਹੁੰਦੀ ਜਾ ਰਹੀ ਹੈ। ਰਹਿੰਦੀ ਕਸਰ ਹਾਲ ਹੀ ਵਿਚ ਹੋਈ ਭਾਰੀ ਬਰਸਾਤ ਨੇ ਪੂਰੀ ਕਰ ਦਿੱਤੀ ਹੈ, ਜਿਸ ਨੂੰ ਦਰੁਸਤ ਕਰਨ ’ਚ ਸਮਾਂ ਲੱਗ ਸਕਦਾ ਹੈ। ਇਸੇ ਤਰ੍ਹਾਂ ਹੀ ਪਿੰਡ ਮੀਆਂਵਿੰਡ ਦੀ ਗੱਲ ਕਰੀਏ ਤਾਂ ਇਥੇ ਸਰਕਾਰੀ ਸਕੂਲ ਨੂੰ ਜਾਣ ਵਾਲੀ ਸੜਕ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਅਤੇ ਸਰਕਾਰ ਵੱਲੋਂ ਕੀਤੇ ਜਾਂਦੇ ਵਿਕਾਸ ਕਾਰਜਾਂ ਦੇ ਦਾਅਵਿਆਂ ਦੀ ਹਵਾ ਕੱਢਦੀ ਦਿਖਾਈ ਦਿੰਦੀ ਹੈ।
ਇਸ ਸੜਕ ਤੋਂ ਲੰਘਣ ਲਈ ਵਿਦਿਆਰਥੀ ਜਾਂ ਅਧਿਆਪਕ ਹੀ ਪਰੇਸ਼ਾਨ ਨਹੀਂ ਹੁੰਦੇ। ਬਲਕਿ ਆਮ ਰਾਹਗੀਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਮੀਆਂਵਿਡ ਦੇ ਇਸ ਸਰਕਾਰੀ ਸਕੂਲ ’ਚ ਨੇੜਲੇ ਪਿੰਡਾਂ ਸਰਾਂ, ਸਕਿਆਂਵਾਲੀ, ਫਤਿਹਪੁਰ ਬਦੇਸ਼ਾ, ਫਾਜ਼ਾਲਪੁਰ, ਭੋਰਸ਼ੀ, ਅੱਲੋਵਾਲ, ਢੋਟਾ, ਚੱਕ ਕਰੇ ਖਾਂ ਨਾਗੋਕੇ, ਰਾਮਪੁਰ, ਉੱਪਲ, ਗਿੱਲ ਕਲੇਰ ਆਦਿ ਤੋਂ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਆਉਂਦੇ ਹਨ। ਪਰ ਇਸ ਸੜਕ ਵਿਚ ਪਏ ਵੱਡੇ ਵੱਡੇ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਨ੍ਹਾਂ ਟੋਇਆਂ ਵਿਚ ਖੜ੍ਹਾ ਗੰਦਾ ਪਾਣੀ ਅਉਣ ਜਾਣ ਵਾਲੇ ਰਾਹਗੀਰਾਂ ਲਈ ਪਰੇਸ਼ਾਨੀ ਪੈਦਾ ਕਰ ਰਿਹਾ ਹੈ।
ਪੰਜਾਬ ਸਰਕਾਰ ਤੇ ਸੜਕ ਵਿਭਾਗ ਦੇ ਅਧਿਕਾਰੀਆਂ ਦਾ ਇਸ ਵੱਲ ਕੋਈ ਧਿਆਨ ਨਹੀਂ। ਕਈ ਵਾਰੀ ਇਹ ਸੜਕ ਸੁਰਖੀਆਂ ਵਿਚ ਆਉਣ ਕਰਕੇ ਪ੍ਰਸ਼ਾਸਨ ਦੇ ਅਧਿਕਾਰੀ ਦੇ ਧਿਆਨ ’ਚ ਵੀ ਆਈ ਹੈ। ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਜਾਂ ਨੇਤਾ ਨੇ ਉਕਤ ਸੜਕ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ। ਗੱਲਬਾਤ ਦੌਰਾਨ ਪਿੰਡ ਵਾਸੀਆਂ ਕਸ਼ਮੀਰ ਸਿੰਘ, ਬਿੰਦਰ ਸਿੰਘ, ਰਜਿੰਦਰ ਸਿੰਘ, ਗਗਨ ਸਿੰਘ, ਹੀਰਾ ਸਿੰਘ, ਦਿਲਬਾਗ ਸਿੰਘ, ਨੀਟਾ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਪੰਜਾਬ ਦੇ ਬੱਚੇ ਤਾਂ ਹੀ ਸਿੱਖਿਅਕ ਹੋ ਸਕਦੇ ਹਨ ਜੇਕਰ ਉਨ੍ਹਾਂ ਦੇ ਪੜ੍ਹਨ ਵਾਲੇ ਸਕੂਲ ਚੰਗੇ ਤੇ ਸਕੂਲਾਂ ਕਾਲਜਾਂ ਤੱਕ ਪਹੁੰਚਣ ਵਾਲੇ ਰਾਹ ਸੁਖਾਲੇ ਹੋਣਗੇ।
ਸਾਬਕਾ ਸਰਪੰਚ ਪਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਰਕਾਰੀ ਸਕੂਲ ਮੀਆਂਵਿੰਡ ਨੂੰ ਜਾਂਦੀ ਸੜਕ ਨੂੰ ਬਣਾਉਣ ਲਈ ਪਾਸ ਹੋਇਆਂ ਕਾਫੀ ਸਮਾਂ ਬੀਤ ਚੁੱਕਾ ਹੈ। ਇਸੇ ਤਰ੍ਹਾਂ ਹੀ ਪਿੰਡ ਚੱਕ ਕਰੇ ਖਾਂ ਤੇ ਸੰਘਰਕੋਟ ਆਦਿ ਪਿੰਡਾ ਦੀਆਂ ਸੜਕਾਂ ਦਾ ਵੀ ਬਹੁਤ ਹੀ ਬੁਰਾ ਹਾਲ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲਗਪਗ ਤਿੰਨ ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਚੁੱਕਾ ਹੈ ਪਰ ਮੌਜੂਦਾ ਸਰਕਾਰ ਨੇ ਸਿਰਫ ਪੰਜਾਬ ਦੀ ਜਨਤਾ ਨਾਲ ਵਾਅਦੇ ਹੀ ਕੀਤੇ ਹਨ। ਵਿਕਾਸ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ। ਇਸ ਲਈ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਉਹ ਪਿੰਡਾਂ ਦੀਆਂ ਸੜਕਾਂ, ਗਲੀਆਂ, ਰਾਹਾਂ ਦੀ ਮੁਰੰਮਤ ਵੱਲ ਧਿਆਨ ਦੇਵੇ। ਇਸ ਦੌਰਾਨ ਸਾਬਕਾ ਸਰਪੰਚ ਪਲਵਿੰਦਰ ਸਿੰਘ ਸੰਧੂ, ਮੌਕੇ ਉਪਰ ਹਾਜਰ ਸਨ।



