ਕੁਦਰਤੀ ਆਫ਼ਤਾਂ ਨਾਲ ਪਿਛਲੇ ਕਾਫੀ ਦਿਨਾਂ ਤੋਂ ਜਿੱਥੇ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਭਾਰੀ ਬਰਸਾਤ ਕਾਰਨ ਦਰਿਆਵਾਂ, ਨਹਿਰਾਂ ’ਚ ਹੜ੍ਹ ਆਉਣ ਕਾਰਨ ਪੰਜਾਬ ਦੀਆਂ ਲੱਖਾਂ ਏਕੜ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ। ਪਰ ਇਸ ਗੰਭੀਰ ਮਸਲੇ ਵੱਲ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਵੀ ਧਿਆਨ ਨਹੀਂ ਹੈ। ਪੰਜਾਬ ਦੇ ਇਨ੍ਹਾਂ ਨਾਜ਼ੁਕ ਹਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੜ੍ਹਾਂ ਤੋਂ ਬਾਅਦ ਪੰਜਾਬ ਫੇਰੀ ਦੌਰਾਨ 1600 ਕਰੋੜ ਰੁਪਏ ਦੀ ਰਾਸ਼ੀ ਰਾਹਤ ਫੰਡ ਦੇ ਰੂਪ ਵਿਚ ਦੇ ਕੇ ਪੰਜਾਬ ਹਿਤੈਸ਼ੀ ਹੋਣ ਦਾ ਪ੍ਰਤੱਖ ਸਬੂਤ ਦਿੱਤਾ ਹੈ।
ਇਹ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਭਾਗੀਰਥ ਤੇ ਤਰਨਤਾਰਨ ਤੋਂ ਉਮੀਦਵਾਰ ਹਰਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਨੇ ਸਮੁੱਚੀ ਲੀਡਰਸ਼ਿਪ ਦੀ ਹਾਜ਼ਰੀ ’ਚ ਤਰਨਤਾਰਨ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਕਿਸਾਨਾਂ ਨਾਲ ਮਿਲਣੀ ਕਰਨ ਮੌਕੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸਾਂਝੇ ਤੌਰ ’ਤੇ ਕਹੀ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਘਟੀਆ ਕਾਰਗੁਜ਼ਾਰੀ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਨਤਕ ਤੌਰ ਤੇ ਦੱਸਣ ਕਿ ਹੜ੍ਹ ਪੀੜਤਾਂ ’ਤੇ ਬਣੀ ਵੱਡੀ ਮੁਸੀਬਤ ਨਾਲ ਨਜਿੱਠਣ ਲਈ ਜ਼ਮੀਨੀ ਪੱਧਰ ’ਤੇ ਆ ਕੇ ਪੀੜਤ ਲੋਕਾਂ ਦੀ ਸਾਰ ਕਿਉਂ ਨਹੀਂ ਲਈ ਜਾ ਰਹੀ।
ਇਸ ਮੌਕੇ ਤਰਨਤਾਰਨ ਭਾਜਪਾ ਉਮੀਦਵਾਰ ਸੰਧੂ ਨੇ ਕਿਹਾ ਕਿ ਕੁਦਰਤੀ ਆਫਤ ਕਰ ਕੇ ਜੋ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਲਈ ਕੇਂਦਰ ਦੀ ਭਾਜਪਾ ਸਰਕਾਰ ਰਾਜਨੀਤੀ ਤੋਂ ਉਪਰ ਉੱਠ ਕੇ ਪੰਜਾਬ ਦੇ ਲੋਕਾਂ ਨਾਲ ਇਸ ਮੁਸੀਬਤ ਦੀ ਘੜੀ ’ਚ ਨਾਲ ਹੈ ਤੇ ਨਾਲ ਹੀ ਰਹੇਗੀ। ਸੰਧੂ ਨੇ ਕਿਹਾ ਕਿ ਭਾਵੇਂ ਹੀ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਹੈ ਪਰ ਪੰਜਾਬ ’ਚ ਦਰਿਆਵਾਂ ਤੇ ਨਹਿਰਾਂ ਦੀ ਖਲਾਈ ਤੇ ਸਫਾਈ ਦੇ ਨਾਮ ’ਤੇ ਕਰੋੜਾਂ ਰੁਪਏ ਕਾਗਜਾਂ ’ਚ ਹੀ ਲੱਗੇ ਹਨ ਜਦੋਂ ਕਿ ਪੰਜਾਬ ਸਰਕਾਰ ਦਾ ਫ਼ਰਜ਼ ਹੈ ਕਿ ਕੁਦਰਤੀ ਆਫ਼ਤਾਂ ਆਉਣ ਤੋਂ ਪਹਿਲਾਂ ਉਨ੍ਹਾਂ ਨਾਲ ਨਜਿੱਠਣ ਲਈ ਢੁਕਵੇਂ ਤੇ ਠੋਸ ਪ੍ਰਬੰਧ ਕੀਤੇ ਜਾਣ ਤਾਂ ਜੋ ਇਨਾਂ ਆਫ਼ਤਾਂ ਦਾ ਦੁਰਪ੍ਰਭਾਵ ਘੱਟ ਹੋ ਸਕੇ ਅਤੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਖ਼ਰਾਬ ਹੋਈ ਪੰਜਾਬ ਦੀ ਲੱਖਾਂ ਏਕੜ ਫ਼ਸਲ ਦੀ ਭਰਪਾਈ ਤੇ ਕਿਸਾਨਾਂ ਮਜ਼ਦੂਰਾਂ ਦੀ ਆਰਥਿਕ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਸ਼ੇਸ਼ ਪੈਕੇਜ ਤਿਆਰ ਕੀਤਾ ਜਾ ਰਿਹਾ ਹੈ, ਬਹੁਤ ਜਲਦੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਸ ਮੁਸ਼ਕਿਲ ਦੀ ਘੜੀ ’ਚ ਕਰੋੜਾਂ ਰੁਪਏ ਰਿਲੀਜ਼ ਕੀਤਾ ਜਾ ਰਿਹਾ ਹੈ। ਚੰਬਾ ਕਲਾਂ, ਮਰੜ ਦੇ ਕਿਸਾਨਾਂ ਮਜ਼ਦੂਰਾਂ ਨੇ ਰੋਇਆ ਦੁੱਖੜਾ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਬਾਰੇ ਸਰਹੱਦੀ ਜ਼ਿਲ੍ਹਾ ਤਰਨਤਾਰਨ ਦੇ ਪਿੰਡਾਂ ਚੰਬਾ ਕਲਾਂ, ਮਰੜ ਦੇ ਕਿਸਾਨਾਂ ਮਜ਼ਦੂਰਾਂ ਨੇ ਆਪਣਾ ਦੁੱਖੜਾ ਰੋਂਦਿਆ ਦੱਸਿਆ ਕਿ ਦੋ ਤਿੰਨ ਸਾਲ ਬਾਅਦ ਸਾਨੂੰ ਕੁਦਰਤੀ ਆਫਤਾਂ ਦੀ ਮਾਰ ਝੱਲਣੀ ਪੈਂਦੀ ਹੈ ਤੇ ਖੇਤੀ ਲਈ ਹਰ ਵਸਤੂ ਮੁੱਲ ਲੈ ਕੇ ਹੋਰ ਕਰਜ਼ੇ ਦੇ ਬੋਝ ਹੇਠਾਂ ਦੱਬ ਰਹੇ ਹਾਂ ਪਰ ਸਰਕਾਰੀ ਤੌਰ ’ਤੇ ਸਾਨੂੰ ਕੋਈ ਵੀ ਮਾਲੀ ਸਹਾਇਤਾ ਨਹੀਂ ਦਿੱਤੀ ਜਾਂਦੀ।
ਜਿਸ ਕਾਰਨ ਸਾਡੇ ਖੇਤੀ ਕਿੱਤੇ ਨੂੰ ਵੱਡੀ ਢਾਹ ਲੱਗਦੀ ਹੈ ਤੇ ਜ਼ਮੀਨ ਵਾਹੀਯੋਗ ਨਾ ਹੋਣ ਕਾਰਨ ਅਸੀਂ ਗੁਰਬੱਤ ਭਰੀ ਜ਼ਿੰਦਗੀ ਜਿਉ ਰਹੇ ਹਾਂ ਤੇ ਇਸ ਵਾਰ ਬਹੁਤ ਭਾਰੀ ਹੜ੍ਹ ਆਉਣ ਕਾਰਨ ਉਹ ਘਰੋਂ ਬੇਘਰ ਵੀ ਹੋ ਚੁੱਕੇ ਹਨ। ਕਿਉਂਕਿ ਸਾਡੇ ਘਰਾਂ ਦੇ ਉਪਰੋਂ ਦੀ ਦਰਿਆ ਦਾ ਪਾਣੀ ਫਿਰ ਚੁੱਕਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਪ੍ਰਤੀ ਰੋਸ ਜਾਹਿਰ ਕਰਦਿਆਂ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਸਾਡਾ ਸਾਡੀਆਂ ਅੱਖਾਂ ਸਾਹਮਣਾ ਉਜਾੜਾ ਹੋ ਰਿਹਾ ਹੈ। ਪਰ ਸਰਕਾਰ ਵੱਲੋਂ ਸਾਨੂੰ ਕੋਈ ਮਦਦ ਜਾਂ ਰਾਹਤ ਦੇਣ ਲਈ ਕੋਈ ਵੀ ਆਪ ਸਰਕਾਰ ਦਾ ਲੀਡਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਤੱਕ ਨਹੀਂ ਆਇਆ।
ਕਿਸਾਨਾਂ ਮਜ਼ਦੂਰਾਂ ਦੀ ਤੁੰਰਤ ਸਾਰ ਲਵੇ ਪੰਜਾਬ ਸਰਕਾਰ : ਹਰਜੀਤ ਸਿੰਘ ਸੰਧੂ ਇਸ ਮੌਕੇ ਤਰਨਤਾਰਨ ਉਮੀਦਵਾਰ ਹਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੇ ਹੱਕ ’ਚ ਅਖਬਾਰੀ ਬਿਆਨ ਦੇ ਕੇ ਪੰਜਾਬ ਦੇ ਖ਼ਜ਼ਾਨੇ ਦਾ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ’ਚ ਖਰਚ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਇਸ ਮੁਸ਼ਕਿਲ ਨਾਲ ਨਜਿੱਠਣ ਲਈ ਆਪ ਜ਼ਮੀਨੀ ਪੱਧਰ ’ਤੇ ਆ ਕੇ ਨੁਕਸਾਨੀਆਂ ਗਈਆਂ ਫ਼ਸਲਾਂ ਅਤੇ ਘਰਾਂ ਦੀ ਪ੍ਰਪੋਜਲ ਤਿਆਰ ਕਰ ਕੇ ਤੁਰੰਤ ਰਾਹਤ ਫੰਡ ਜਾਰੀ ਕਰ ਕੇ ਕਿਸਾਨਾਂ ਮਜ਼ਦੂਰਾਂ ਦੀ ਸਾਰ ਲੈਣੀ ਚਾਹੀਦੀ ਹੈ।
ਇਹ ਆਗੂ ਰਹੇ ਹਾਜ਼ਰ ਇਸ ਮੌਕੇ ਜ਼ਿਲ੍ਹਾ ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਜ਼ਿਲ੍ਹਾ ਮੀਤ ਪ੍ਰਧਾਨ ਜਸਕਰਨ ਸਿੰਘ ਗਿੱਲ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ, ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ ਵੇਂਈਪੂੰਈ, ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ, ਸਕੱਤਰ ਪਵਨ ਦੇਵਗਨ, ਸਰਕਲ ਪ੍ਰਧਾਨ ਖੁਸ਼ਪਿੰਦਰ ਸਿੰਘ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਜੀਓਬਾਲਾ, ਸਰਕਲ ਕਾਰਜ ਸਿੰਘ ਸ਼ਾਹ, ਸਰਕਲ ਪ੍ਰਧਾਨ ਵਿਜੇ ਵਿਨਾਇਕ, ਸਰਕਲ ਪ੍ਰਧਾਨ ਜਸਬੀਰ ਸਿੰਘ, ਸਰਕਲ ਪ੍ਰਧਾਨ ਗੌਰਵ ਦੇਵਗਨ, ਸਰਕਲ ਪ੍ਰਧਾਨ ਹਰਪਾਲ ਸੋਨੀ, ਰੋਹਿਤ ਵੇਦੀ, ਅਸ਼ਵਨੀ ਨਈਅਰ, ਸਾਹਿਬ ਸਿੰਘ ਮੁੰਡਾਪਿੰਡ, ਕਿਸਾਨ ਮੋਰਚਾ ਮੰਡਲ ਪ੍ਰਧਾਨ ਲਖਵਿੰਦਰ ਸਿੰਘ, ਮਾਸਟਰ ਬਲਦੇਵ ਸਿੰਘ ਮੰਡ, ਨੰਬਰਦਾਰ ਜਗੀਰ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ, ਸਾਬਕਾ ਸਰਪੰਚ ਮੋਹਨ ਸਿੰਘ, ਬਾਬਾ ਮਲਕੀਤ ਸਿੰਘ, ਗੁਰਵਿੰਦਰ ਸਿੰਘ, ਗੁਰਲਾਲ ਸਿੰਘ, ਅਤੇ ਹੋਰ ਆਗੂ ਸਾਹਿਬਾਨ ਮੌਜੂਦ ਸਨ।
 
    


 
								 
								 
								 
								 
                     
                     
                     
                    
 
				