ਨਿਊ ਯਾਰਕ ਸਨੈਕ ਬਾਰ ਪਲਾਂਟ ਵਿੱਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਮਾਰੇ ਛਾਪੇ ਦੌਰਾਨ 57 ਕਾਮਿਆਂ ਨੂੰ ਹਿਰਾਸਤ ਵਿੱਚ ਲੈ ਲੈਣ ਦੀ ਖਬਰ ਹੈ। ਇਹ ਜਾਣਕਾਰੀ ਸੰਘੀ ਵਕੀਲ ਨੇ ਦਿੰਦਿਆਂ ਮਾਲਕਾਂ ਨੂੰ ਹੋੋਰ ਛਾਪੇ ਮਾਰਨ ਦੀ ਚਿਤਾਵਨੀ ਦਿੱਤੀ ਹੈ। ਜੌਹਨ ਸਰਕੋਨ ਕਾਰਜਕਾਰੀ ਯੂ ਐਸ ਅਟਾਰਨੀ ਉੱਤਰੀ ਨਿਊ ਯਾਰਕ ਨੇ ਕਿਹਾ ਹੈ ਕਿ ਦਿਹਾਤੀ ਕਾਟੋ ਵਿੱਚ ਮਾਰੇ ਛਾਪੇ ਦੌਰਾਨ 5 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਨਾਂ ਵਿਰੁੱਧ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੇ ਅਪਰਾਧਿਕ ਦੋਸ਼ ਲਾਏ ਗਏ ਹਨ ਜਦ ਕਿ ਬਾਕੀ ਗ੍ਰਿਫਤਾਰ 52 ਲੋਕਾਂ ਵਿਰੁੱਧ ਦੇਸ਼ ਨਿਕਾਲੇ ਦੀ ਪ੍ਰਕ੍ਰਿਆ ਚੱਲ ਰਹੀ ਹੈ।
ਐਡਵੋਕੇਸੀ ਗਰੁੱਪ ਰੂਰਲ ਐਡ ਮਾਈਗਰਾਂਟ ਮਨਿਸਟਰੀ ਨੇ ਕਿਹਾ ਹੈ ਕਿ ਨਿਊਟਰੀਸ਼ਨ ਬਾਰ ਕੋਨਫੈਕਸ਼ਨਰਜ ਪਲਾਂਟ ਤੋਂ ਗ੍ਰਿਫਤਾਰ ਕੀਤੇ ਗਏ ਜਿਆਦਾਤਰ ਲੋਕ ਗੁਆਟੇਮਾਲਾ ਤੋਂ ਹਨ। ਸਰਕੋਨ ਨੇ ਕਿਹਾ ਹੈ ਕਿ ਜਿਨਾਂ ਮਾਲਕਾਂ ਨੇ ਬਿਨਾਂ ਕਿਸੇ ਪ੍ਰਵਾਨਗੀ ਦੇ ਗੈਰ ਨਾਗਰਿਕਾਂ ਨੂੰ ਨੌਕਰੀਆਂ ਦੇ ਕੇ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਵਿਰੁੱਧ ਸਖਤੀ ਨਾਲ ਅਪਰਾਧਿਕ ਜਾਂਚ ਹੋਵੇਗੀ। ਉਨਾਂ ਨੂੰ ਸਿੱਟੇ ਭੁੱਗਤਣੇ ਪੈਣਗੇ। ਸਰਕੋਨ ਨੇ ਕਿਹਾ ਕਿ ਅੱਖਾਂ ਬੰਦ ਕਰਕੇ ਚੱਲਣ ਦੇ ਪੁਰਾਣੇ ਦਿਨ ਖਤਮ ਹੋ ਗਏ ਹਨ। ਇਥੇ ਜਿਕਰਯੋਗ ਹੈ ਕਿ ਪਿਛਲੇ ਹਫਤੇ ਜਾਰਜੀਆ ਵਿੱਚ ਕੋਰੀਅਨ ਆਟੋ ਨਿਰਮਾਤਾ ਹੁੰਡਾਈ ਦੀ ਨਿਰਮਾਣ ਇਕਾਈ ‘ਤੇ ਇਮੀਗਰੇਸ਼ਨ ਵਿਭਾਗ ਵੱਲੋਂ ਮਾਰੇ ਛਾਪੇ ਦੌਰਾਨ 475 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।



